ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੋਚਿੰਗ ਕੈਂਪ ‘ਚ ਚੰਡੀਗੜ੍ਹ ਦੇ 5 ਖਿਡਾਰੀ ਸ਼ਾਮਿਲ

ਜਲੰਧਰ, -ਹਾਕੀ ਇੰਡੀਆ ਵਲੋਂ ਵਰਲਡ ਕੱਪ ਜੂਨੀਅਰ ਹਾਕੀ ਲਈ ਬੈਂਗਲੁਰੂ ਵਿਖੇ ਚੱਲ ਰਹੇ ਹਾਕੀ ਇੰਡੀਆ ਦੇ ਕੈਂਪ ਦੌਰਾਨ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਚੁਣੇ ਗਏ 30 ਹਾਕੀ ਖਿਡਾਰੀਆਂ ਵਿਚ ਚੰਡੀਗੜ੍ਹ ਹਾਕੀ ਅਕੈਡਮੀ ਦੇ 5 ਖਿਡਾਰੀ ਸ਼ਾਮਿਲ ਕੀਤੇ ਗਏ ਹਨ | ਚੰਡੀਗੜ੍ਹ ਖੇਡ ਵਿਭਾਗ ਦੀ ਦੇਖ-ਰੇਖ ਹੇਠ ਚੱਲ ਰਹੀ ਇਸ ਹਾਕੀ ਅਕੈਡਮੀ ਨੇ ਇਸ ਚੋਣ ਰਾਹੀਂ ਆਪਣੇ ਗੁਆਂਢੀ ਰਾਜਾਂ ਨੂੰ ਪਛਾੜ ਦਿੱਤਾ ਹੈ | ਕੈਂਪ ਵਿਚ ਕੁੱਲ 60 ਖਿਡਾਰੀਆਂ ‘ਚੋਂ ਇਹ ਚੋਣ ਕੀਤੀ ਗਈ ਹੈ | ਇਨ੍ਹਾਂ ਚੁਣੇ 30 ਖਿਡਾਰੀਆਂ ਵਿਚੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਜੂਨੀਅਰ ਹਾਕੀ ਟੀਮ ਲਈ ਚੋਣ ਕੀਤੀ ਜਾਵੇਗੀ | ਚੰਡੀਗੜ੍ਹ ਹਾਕੀ ਅਕੈਡਮੀ ਦੇ ਮੁੱਖ ਕੋਚ ਗੁਰਮਿੰਦਰ ਸਿੰਘ ਦੀ ਅਗਵਾਈ ਵਿਚ ਕੋਚਿੰਗ ਲੈ ਕੇ ਇਸ ਸਫਲਤਾ ਤੱਕ ਪਹੁੰਚਣ ਵਾਲੇ ਇਨ੍ਹਾਂ ਖਿਡਾਰੀਆਂ ‘ਚ ਸੁਖਮਨ ਸਿੰਘ, ਮਨਿੰਦਰ ਸਿੰਘ, ਅਮਨਦੀਪ ਸਿੰਘ, ਅਰਸ਼ਦੀਪ ਸਿੰਘ ਅਤੇ ਸੰਜੇ ਦੇ ਨਾਂਅ ਸ਼ਾਮਿਲ ਹਨ | ਇਨ੍ਹਾਂ ਵਿਚੋਂ ਮਨਿੰਦਰ ਸਿੰਘ ਅਤੇ ਸੰਜੇ ਪਿਛਲੇ ਹੋਈਆਂ ਯੂਥ ਓਲਪਿੰਕ ‘ਚ ਭਾਰਤ ਲਈ ਚਾਂਦੀ ਜਿੱਤਣ ਵਾਲੀ ਟੀਮ ‘ਚ ਵੀ ਸ਼ਾਮਿਲ ਸਨ | ਇਨ੍ਹਾਂ ਚੁਣੇ ਗਏ ਖਿਡਾਰੀਆਂ ਨੂੰ ਹੁਣ ਬੈਂਗਲੁਰੂ ‘ਚ 13 ਮਈ ਤੋਂ 4 ਜੂਨ ਤੱਕ ਲੱਗਣ ਵਾਲੇ ਵਿਸ਼ੇਸ਼ ਕੈਂਪ ਵਿਚ ਸਿਖਲਾਈ ਦਿੱਤੀ ਜਾਵੇਗੀ | ਇਸੇ ਦੌਰਾਨ ਚੰਡੀਗੜ੍ਹ ਖੇਡ ਵਿਭਾਗ ਦੇ ਡਾਇਰੈਕਟਰ ਤੇਜਦੀਪ ਸਿੰਘ ਸੈਣੀ ਪੀ. ਸੀ. ਐਸ. ਨੇ ਪੰਜ ਖਿਡਾਰੀਆਂ ਦੀ ਚੋਣ ਨੂੰ ਚੰਡੀਗੜ੍ਹ ਹਾਕੀ ਅਕੈਡਮੀ ਦੀ ਵੱਡੀ ਪ੍ਰਾਪਤੀ ਦੱਸਦੇ ਕਿਹਾ ਕਿ ਹਾਕੀ ਅਕੈਡਮੀ ਦੇ ਕੋਚ ਗੁਰਮਿੰਦਰ ਸਿੰਘ ਅਤੇ ਖਿਡਾਰੀਆਂ ਦੀ ਸਖਤ ਮਿਹਨਤ ਸਦਕਾ ਚੰਡੀਗੜ੍ਹ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ

Leave a Reply

Your email address will not be published.