ਵਾਰਡ 17 ਵਿਚ ਖੜ੍ਹੇ ਗੰਦੇ ਪਾਣੀ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ
ਕੁਰਾਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੂਰੇ ਭਾਰਤ ਨੂੰ ਸਾਫ ਸੁਥਰਾ ਰੱਖਣ ਲਈ ਸਵੱਛ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਚਲਾਈ ਹੋਈ ਹੈ ਇਥੋਂ ਤੱਕ ਕਿ ਨਵੀ ਛਪੀ ਕਰੰਸੀ ਉੱਪਰ ਵੀ ਸਵੱਛ ਭਾਰਤ ਏਕ ਕਦਮ ਸਵੱਛਤਾ ਕੀ ਓਰ ਲਿਖਿਆ ਹੋਇਆ ਹੈ ਪਰ ਲੋਕਲ ਪ੍ਰਸ਼ਾਸ਼ਨ ਨੂੰ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਕੋਈ ਪ੍ਰਵਾਹ ਨਹੀ ਹੈ। ਇਸ ਦਾ ਨਜ਼ਾਰਾ ਅੱਜ ਸਥਾਨਕ ਸ਼ਹਿਰ ਦੇ ਵਾਰਡ ਨੰਬਰ 17 ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਨਾਲੀਆਂ ਚੋਂ ਗੰਦਾਂ ਬਦਬੂਦਾਰ
ਪਾਣੀ ਓਵਰ ਫਲੋਅ ਗਲੀਆਂ ਵਿੱਚ ਤਾਂ ਫੈਲ ਹੀ ਰਿਹਾ ਸੀ ਉੱਥੇ ਹੀ ਕਈ ਲੋਕਾਂ ਦੇ ਘਰਾਂ ਅੰਦਰ ਵੀ ਦਾਖਲ ਹੋ ਰਿਹਾ ਸੀ ਤੇ ਉਨ੍ਹਾਂ ਦੇ ਘਰਾਂ ਵਿੱਚ ਕਈ ਵਾਰ ਜ਼ਹਿਰੀਲੇ ਸੱਪ ਵੀ ਆ ਵੜਦੇ ਨੇ। ਗਲੀਆਂ ਵਿੱਚ ਖੜੇ ਗੰਦੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਤਾਂ ਹੈ ਹੀ ਉਨ੍ਹਾਂ ਦੇ ਬੱਚੇ ਬਾਹਰ ਖੇਡ ਵੀ ਨਹੀਂ ਸਕਦੇ, ਸਕੂਲੋਂ ਪਰਤਣ ਤੋਂ ਬਾਅਦ ਨਿੱਕੇ ਨਿੱਕੇ ਬਾਲ ਘਰ ਵਿੱਚ ਹੀ ਇਕ ਕੈਦੀ ਵਰਗਾ ਜੀਵਨ ਬਸਰ ਕਰ ਰਹੇ ਹਨ।ਇਸ ਤੋਂ ਦੁਖੀ ਹੋਏ 17 ਨੰਬਰ ਵਾਰਡ ਦੇ ਲੋਕਾਂ ਨੇ ਮੀਡੀਆਂ ਜ਼ਰੀਏ ਸਰਕਾਰ ਅਤੇ ਉੱਚ ਅਧਿਕਾਰੀਆਂ ਅੱਗੇ ਗੁਹਾਰ ਲਗਾਉਂਦੇ ਕਿਹਾਂ ਕਿ ਗਲੀਆਂ ਵਿੱਚ ਫੈਲ ਰਹੇ ਇਸ ਪਾਣੀ ਕਾਰਨ ਜਿੱਥੇ ਉਨ੍ਹਾਂ ਦੇ ਪੈਰ ਗਲ ਚੁੱਕੇ ਹਨ ਉੱਥੇ ਹੀ ਬੱਚਿਆ ਨੂੰ ਸਕੂਲ ਜਾਣਾ ਵੀ ਮੁਸ਼ਕਿਲ ਹੋ ਰਿਹਾ ਹੈ ਤੇ ਬੱਚੇ ਬਿਮਾਰ ਪਏ ਹਨ। ਵਾਰਡ ਵਾਸੀਆਂ ਨੇ ਕਿਹਾ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਆਪਣੇ ਕੌਂਸਲਰ ਗੁਰਚਰਨ ਸਿੰਘ ਰਾਣਾ ਨੂੰ ਇਸ ਸਬੰਧੀ ਜਾਣੂ ਕਰਵਾ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਤੋਂ ਦੁਖੀ ਹੋਏ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਵਾਰਡ ਵਿੱਚ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਕਰਵਾ ਸਕਦੇ ਤਾਂ ਆਪਣੀ ਕੁਰਸੀ ਛੱਡ ਦੇਣ। ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਵਾਰਡ ਵਿਚ ਇਕ ਕਾਂਗਰਸ ਦੀ ਜਿਲ੍ਹਾ ਪੱਧਰ ਦੀ ਅਹੁਦੇਦਾਰ ਦੀ ਰਿਹਾਇਸ਼ ਵੀ ਹੈ ਸ਼ਾਇਦ ਆਪਣੀ ਸਰਕਾਰ ਹੁੰਦੇ ਹੋਏ ਉਹ ਵੀ ਇਸ ਸਮੱਸਿਆ ਦਾ ਹੱਲ ਕਰਵਾਉਣ ਤੋਂ ਅਸਮਰੱਥ ਹੈ। ਵਾਰਡ ਵਾਸੀਆਂ ਨੇ ਦੱਸਿਆ ਕਿ ਉਹ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਸਬੰਧੀ ਜਾਣੂ ਕਰਵਾ ਚੁੱਕੇ ਹਨ। ਪਰ ਕਈ ਬਾਰ ਸ਼ਿਕਾਇਤ ਕਰਨ ਤੇ ਵੀ ਨਗਰ ਕੌਂਸਲ ਕੋਈ ਧਿਆਨ ਨਹੀ ਦਿੰਦੀ। ਉਨ੍ਹਾਂ ਸਰਕਾਰ ਅਤੇ ਬੇਨਤੀ ਕੀਤੀ ਹੈ ਕਿ ਇਸ ਤੋਂ ਪਹਿਲਾਂ ਕੋਈ ਭਿਆਨਕ ਬਿਮਾਰੀ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਵੇ ਸਰਕਾਰ ਇਸ ਪਾਸੇ ਧਿਆਨ ਦੇਵੇ। ਜੇਕਰ ਇਸ ਗੰਦਗੀ ਕਾਰਨ ਡੇਂਗੂ ਵਰਗੀ ਕੋਈ ਭਿਆਨਕ ਬਿਮਾਰੀ ਫੈਲਦੀ ਹੈ ਤਾਂ ਉਸ ਦੇ ਲਈ ਪ੍ਰਸ਼ਾਸ਼ਨ ਜਿੰਮੇਦਾਰ ਹੋਵੇਗਾ। ਜਦ ਇਸ ਮਾਮਲੇ ਨੂੰ ਲੈਕੇ ਕਾਰਜ਼ ਸਾਧਕ ਅਫਸਰ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਇਸ ਦਾ ਜਲਦੀ ਹੀ ਹਲ ਕੱਢਿਆ ਜਾ ਰਿਹਾ ਹੈ।