ਲੋਕ ਸਭਾ ਚੋਣਾਂ ਦਾ ਚੌਥਾ ਗੇੜ: ਨੌਂ ਸੂਬੇ : 72 ਹਲਕੇ : ਵੋਟਿੰਗ ਸ਼ੁਰੂ
ਅੱਜ 29 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਵੋਟਾਂ ਪੈ ਰਹੀਆਂ ਹਨ। ਦੇਸ਼ ਦੇ ਨੌਂ ਸੂਬਿਆਂ ਦੇ 72 ਲੋਕ ਸਭਾ ਹਲਕਿਆਂ ‘ਤੇ ਉਮੀਦਵਾਰ ਚੁਣਨ ਲਈ ਵੋਟਾਂ ਪੈਣਗੀਆਂ। ਹੁਣ ਤੱਕ ਦੇਸ਼ ਭਰ ਦੇ ਅੱਧੇ ਤੋਂ ਵੱਧ ਲੋਕ ਸਭਾ ਹਲਕਿਆਂ ਵਿਚ ਵੋਟਾਂ ਪੈ ਚੁਕੀਆਂ ਹਨ।
ਅੱਜ ਚੌਥੇ ਗੇੜ ‘ਚ ਬਿਹਾਰ, ਜੰਮੂ ਅਤੇ ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ ਦੀਆਂ ਕੁੱਝ ਸੀਟਾਂ ‘ਤੇ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਮੁਤਾਬਕ ਬਹੁਤੇ ਹਲਕਿਆਂ ਲਈ ਵੋਟਾਂ ਪਾਉਣ ਦਾ ਸਮਾਂ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤਕ ਹੈ ਜਦਕਿ ਜੰਮੂ ਅਤੇ ਕਸ਼ਮੀਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਕੁੱਝ ਸੰਵੇਦਨਸ਼ੀਲ ਹਲਕਿਆਂ ਵਿਚ ਵੋਟਾਂ ਦਾ ਅਮਲ ਸ਼ਾਮ ਚਾਰ ਵਜੇ ਖ਼ਤਮ ਹੋ ਜਾਵੇਗਾ।
ਉੜੀਸਾ ਵਿਚ ਵਿਧਾਨ ਸਭਾ ਚੋਣ ਲਈ ਵੀ ਵੋਟਾਂ ਪੈਣਗੀਆਂ।
ਅੱਜ ਬਿਹਾਰ ਦੇ ਦਰਭੰਗਾ, ਮੁੰਗਰ, ਉਜਿਆਰਪੁਰ, ਸਮਸਤੀਪੁਰ, ਬੇਗੂਸਰਾਏ , ਮੱਧ ਪ੍ਰਦੇਸ਼ ਵਿਚ ਬਾਲਾਘਾਟ, ਸਿੱਧੀ, ਜਬਲਪੁਰ, ਮੰਡਲਾ, ਸ਼ਾਹਦੋਲ ਹਲਕਿਆਂ ਵਿਚ ਵੋਟਾਂ ਪੈਣਗੀਆਂ। ਯੂਪੀ ਦੇ ਸ਼ਾਹਜਹਾਂਪੁਰ, ਖੇੜੀ, ਹਰਦੋਈ, ਮਿਸਰਿਖ, ਉਨਾਊ, ਫ਼ਰੂਖਾਬਾਦ ਹਲਕਿਆਂ ਵਿਚ ਵੋਟਾਂ ਪੈਣਗੀਆਂ। ਮਹਾਰਾਸ਼ਟਰ ਦੀਆਂ 17 ਸੀਟਾਂ ‘ਤੇ ਮਤਦਾਨ ਹੋਵੇਗਾ। ਇਹਨਾਂ ਵਿੱਚੋਂ ਕੇਂਦਰੀ ਮੰਤਰੀ ਸੁਭਾਸ਼ ਭਾਮਰੇ, ਕਾਂਗਸ ਦੇ ਮਿਲਿੰਦ ਦੇਵੜਾ ਅਤੇ ਉਰਮਿਲਾ ਮਾਤੋਂਡਕਰ ਸਮੇਤ 323 ਉਮੀਦਵਾਰ ਮੈਦਾਨ ਵਿਚ ਹਨ।