ਸ਼ੇਰਾਂ ਦੇ ਜਬਾੜੇ ਫੜ ਪਾੜ ਦੇਣ ਵਾਲ਼ੇ ਬੰਦੇ ਆਮ ਨਹੀਂਓ ਹੁੰਦੇ !ਅੱਜ ਸਰਦਾਰ_ਹਰੀ_ਸਿੰਘ_ਜੀ_ਨਲੂਆ ਦਾ ਸ਼ਹੀਦੀ ਦਿਹਾੜਾ ਹੈ ।ਜਿਸ ਨੇ ਦੁਨਿਆ ਦੀ ਸਭ ਤੋਂ ਵਡੀ ਤਾਕਤ ਅਫਗਾਨਾ ਨੂੰ ਨੱਥ ਪਾਈ ਸੀ

0

ਭਗਵਾਨ ਸਿੰਘ ਜੌਹਲ: ਹਰੀ ਸਿੰਘ ਨਲਵਾ ਦੀ 30 ਅਪਰੈਲ 1837 ਨੂੰ ਜਮਰੋਦ ਵਿੱਚ ਹੋਈ ਸ਼ਹਾਦਤ ਦੀ ਖ਼ਬਰ ਸੁਣ ਕੇ #ਮਹਾਰਾਜਾ_ਰਣਜੀਤ_ਸਿੰਘ ਨੇ ਆਪਣੇ ਸੁਭਾਅ ਦੇ ਉਲਟ ਸ. ਨਲਵਾ ਦੀ ਮੌਤ ਦਾ ਇੰਨਾ ਦੁੱਖ ਪ੍ਰਗਟ ਕੀਤਾ ਕਿ ਸਭ ਵੇਖਣ ਵਾਲੇ ਦੰਗ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਕੁਝ ਦੇਰ ਦੀ ਚੁੱਪ ਤੋਂ ਬਾਅਦ ਉਨ੍ਹਾਂ ਕਿਹਾ,‘‘ਮੇਰੇ ਬਹਾਦਰ #ਜਰਨੈਲ_ਹਰੀ_ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਅੱਜ ਖ਼ਾਲਸਾ ਰਾਜ ਦੇ ਮਜ਼ਬੂਤ ਕਿਲ੍ਹੇ ਦਾ ਬੁਰਜ ਢਹਿ ਗਿਆ ਹੈ।’’ ਮਹਾਰਾਜੇ ਦੇ ਕਹੇ ਇਹ ਸ਼ਬਦ ਸੱਚ ਸਾਬਿਤ ਹੋਏ ਤੇ ਹਰੀ ਸਿੰਘ ਨਲਵਾ ਦੀ ਸ਼ਹਾਦਤ ਦੇ ਨਾਲ ਹੀ ਖ਼ਾਲਸਾ ਰਾਜ ਦੀਆਂ ਨੀਂਹਾਂ ਵਿੱਚ ਤਰੇੜਾਂ ਪੈ ਗਈਆਂ। ਜਲਦੀ ਬਾਅਦ ਵਿੱਚ ਖ਼ਾਲਸਾ ਰਾਜ ਢਹਿ-ਢੇਰੀ ਹੋ ਗਿਆ।
ਸ਼ੇਰ-ਏ-ਪੰਜਾਬ ਦੀ ਫੌਜ ਦੇ ਇਸ ਅਣਖੀਲੇ ਜਰਨੈਲ ਦਾ ਜਨਮ 1791 ਈ: ਵਿਚ ਗੁਜਰਾਂਵਾਲਾ ਨਿਵਾਸੀ ਸ: ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਬੀਬੀ ਧਰਮ ਕੌਰ ਦੀ ਕੁੱਖ ਤੋਂ ਹੋਇਆ। ਸ: ਹਰੀ ਸਿੰਘ ਦਾ ਦਾਦਾ ਸ: ਹਰਦਾਸ ਸਿੰਘ ਅਹਿਮਦ ਸ਼ਾਹ ਅਬਦਾਲੀ ਨਾਲ ਲੜਦਾ ਹੋਇਆ 1762 ਈ: ਵਿਚ ਸ਼ਹੀਦ ਹੋਇਆ ਸੀ। ਇਨ੍ਹਾਂ ਦੇ ਪਿਤਾ ਸ: ਗੁਰਦਿਆਲ ਸਿੰਘ ਨੇ ਸ਼ੁਕਰਚਕੀਆ ਮਿਸਲ ਦੀਆਂ ਬਹੁਤ ਸਾਰੀਆਂ ਜੰਗੀ ਮੁਹਿੰਮਾਂ ਵਿਚ ਵੱਡਾ ਯੋਗਦਾਨ ਪਾਇਆ ਸੀ। ਇਸ ਪ੍ਰਕਾਰ ਸ: ਹਰੀ ਸਿੰਘ ਨੂੰ ਬਹਾਦਰੀ ਅਤੇ ਸ਼ਹਾਦਤ ਦੀ ਗੁੜ੍ਹਤੀ ਵਿਰਸੇ ਵਿਚ ਹੀ ਮਿਲੀ ਸੀ। ਜਦੋਂ ਆਪ ਅਜੇ 7 ਕੁ ਸਾਲ ਦੇ ਹੀ ਸਨ ਤਾਂ ਪਿਤਾ ਜੀ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਵਿਚ ਜਾ ਬਿਰਾਜੇ। ਬਚਪਨ ਦੇ ਸਾਲ ਆਪਣੇ ਮਾਮਾ ਜੀ ਕੋਲ ਰਹਿ ਕੇ ਬਤੀਤ ਕੀਤੇ। ਘੋੜਸਵਾਰੀ ਅਤੇ ਸ਼ਸਤਰ-ਵਿੱਦਿਆ ਦਾ ਸ਼ੌਕ ਵਿਰਸੇ ਵਿਚੋਂ ਹੀ ਮਿਲਿਆ ਸੀ। 1805 ਈ: ਵਿਚ 15 ਸਾਲ ਦੇ ਇਸ ਮੁੱਛ-ਫੁੱਟ ਗੱਭਰੂ ਨੂੰ ਲਾਹੌਰ ਵਿਖੇ ਬਸੰਤ ਦਰਬਾਰ ਵਿਚ ਆਪਣੇ ਕਰਤੱਵ ਵਿਖਾਉਣ ਦਾ ਮੌਕਾ ਮਿਲਿਆ, ਜਦੋਂ ਸ: ਹਰੀ ਸਿੰਘ ਨੇ ਇਕ ਨਿਪੁੰਨ ਸੂਰਬੀਰ ਯੋਧੇ ਵਜੋਂ ਆਪਣੀ ਯੁੱਧ ਕਲਾ ਦੇ ਜੌਹਰ ਵਿਖਾਏ ਤਾਂ ਮਹਾਰਾਜਾ ਸਾਹਿਬ ਨੇ ਸ: ਹਰੀ ਸਿੰਘ ਨੂੰ ਛਾਤੀ ਨਾਲ ਲਾ ਕੇ ਇਕ ਕੈਂਠਾ ਪਹਿਨਾਇਆ। ਆਪਣੇ ਖਾਸ ਤੇ ਵਿਸ਼ੇਸ਼ ਫੌਜੀ ਦਸਤੇ ਵਿਚ ਸ਼ਾਮਿਲ ਕਰ ਲਿਆ।
#ਮਹਾਰਾਜਾ_ਰਣਜੀਤ_ਸਿੰਘ ਉਨ੍ਹਾਂ ਨੂੰ ਸ਼ਿਕਾਰ ’ਤੇ ਜਾਣ ਸਮੇਂ ਆਪਣੇ ਨਾਲ ਹੀ ਰੱਖਦੇ ਸਨ। ਇੱਕ ਵਾਰ ਜਦੋਂ ਮਹਾਰਾਜਾ ਜੰਗਲ ਵਿੱਚ ਸ਼ਿਕਾਰ ਜਾ ਰਹੇ ਸਨ ਤਾਂ ਇੱਕ ਸ਼ੇਰ ਨੇ ਅਚਾਨਕ #ਹਰੀ_ਸਿੰਘ ’ਤੇ ਝਪਟਾ ਮਾਰ ਕੇ ਉਨ੍ਹਾਂ ਨੂੰ ਘੋੜੇ ਤੋਂ ਹੇਠਾਂ ਸੁੱਟ ਲਿਆ। ਸ਼ੇਰ ਨੇ ਇਹ ਸਭ ਇੰਨੀ ਫੁਰਤੀ ਨਾਲ ਕੀਤਾ ਕਿ ਹਰੀ ਸਿੰਘ ਮਿਆਨ ਵਿੱਚੋਂ ਆਪਣੀ ਤਲਵਾਰ ਵੀ ਨਾ ਕੱਢ ਸਕੇ। ਇਸ ਦੇ ਬਾਵਜੂਦ ਇਸ ਬਹਾਦਰ ਯੋਧੇ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਦੋਵਾਂ ਹੱਥਾਂ ਨਾਲ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਜ਼ੋਰ ਦੀ ਭੁਵਾਟੀ ਦੇ ਦਿੱਤੀ, ਜਿਸ ਨਾਲ ਸ਼ੇਰ ਦੀ ਪਕੜ ਛੁੱਟ ਗਈ ਤੇ ਹਰੀ ਸਿੰਘ ਨੇ ਤਲਵਾਰ ਮਿਆਨ ਵਿੱਚੋਂ ਕੱਢ ਕੇ ਅੱਖ ਝਪਕਦਿਆਂ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਇਸ ਬਹਾਦਰੀ ਨੂੰ ਦੇਖ ਕੇ ਮਹਾਰਾਜਾ ਸਾਹਿਬ ਨੇ ਇਨ੍ਹਾਂ ਨੂੰ ‘ਨਲਵਾ’ ਦਾ ਖਿਤਾਬ ਦਿੱਤਾ।
ਇਸ ਤੋਂ ਬਾਅਦ ਵੱਖ-ਵੱਖ ਸਮੇਂ ਸ: ਹਰੀ ਸਿੰਘ ਨਲੂਆ ਨੇ ਆਪਣੀ ਬਹਾਦਰੀ ਦੇ ਜੌਹਰ ਵਿਖਾ ਕੇ ਬਾਕੀ ਬਹਾਦਰ ਸਾਥੀਆਂ ਨੂੰ ਮੂੰਹ ਵਿਚ ਉਂਗਲਾਂ ਲੈਣ ਲਈ ਮਜਬੂਰ ਕੀਤਾ। 1807 ਈ: ਵਿਚ ਕਸੂਰ ਦੀ ਫਤਹਿ ਸਮੇਂ ਅਤੇ 1810 ਈ: ਵਿਚ ਸਿਆਲਕੋਟ ਦੇ ਯੁੱਧ ਸਮੇਂ ਯੁੱਧ ਕਲਾ ਦੇ ਜੌਹਰ ਵਿਖਾਏ। ਇਸੇ ਸਾਲ ਮੁਲਤਾਨ ਦੀ ਲੜਾਈ ਸਮੇਂ ਸਰੀਰ ਉੱਪਰ ਡੂੰਘੇ ਜ਼ਖਮ ਵੀ ਲੱਗੇ। 1813 ਈ: ਵਿਚ ਹਜ਼ਰੋ ਵਿਖੇ ਪਠਾਣਾਂ ਨਾਲ ਵੀ ਯੁੱਧ ਕੀਤਾ। 1815 ਈ: ਕਸ਼ਮੀਰ ਦੇ ਅਰਧ-ਪਹਾੜੀ ਇਲਾਕਿਆਂ ‘ਤੇ ਫਤਹਿ ਪ੍ਰਾਪਤ ਕੀਤੀ। ਇਸ ਤੋਂ ਪਿੱਛੋਂ ਪੂਰਾ ਕਸ਼ਮੀਰ ਕਬਜ਼ੇ ਵਿਚ ਕਰ ਲਿਆ। ਇਸ ਲੜਾਈ ਨੂੰ ਫਤਹਿ ਕਰਨ ਪਿੱਛੋਂ ਮਹਾਰਾਜੇ ਨੇ ਸ: ਹਰੀ ਸਿੰਘ ਨਲੂਆ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ। 1821 ਈ: ਵਿਚ ਉਨ੍ਹਾਂ ਹਜ਼ਰਾ ਖੇਤਰ ਦੇ ਅਫ਼ਗਾਨਾਂ ਦੇ ਇਲਾਕੇ ਨੂੰ ਪੱਕੇ ਤੌਰ ‘ਤੇ ਜਿੱਤ ਲਿਆ। ਇਥੋਂ ਦੇ ਗਵਰਨਰ ਵੀ ਸ: ਨਲੂਆ ਨੂੰ ਹੀ ਬਣਾਇਆ ਗਿਆ। ਆਪਣੇ ਨਾਂਅ ‘ਤੇ ਹੀ ‘ਹਰੀਪੁਰ’ ਨਗਰ ਵਸਾਇਆ। ਇਸ ਤੋਂ ਪਿੱਛੋਂ ਅਟਕ ਦਰਿਆ ਤੋਂ ਪਾਰ ਦੇ ਇਲਾਕੇ ਵਿਚ ਆਪਣੀ ਧਾਂਕ ਜਮਾਈ। ਆਪਣੀ ਬਹਾਦਰੀ ਨਾਲ ਇਸ ਇਲਾਕੇ ‘ਤੇ ਵੀ ਅਧਿਕਾਰ ਪੱਕਾ ਕੀਤਾ। 1834 ਈ: ਵਿਚ ਪਿਸ਼ਾਵਰ ਨੂੰ ਜਿੱਤ ਕੇ ਸਿੱਖ ਰਾਜ ਦਾ ਝੰਡਾ ਲਹਿਰਾਇਆ। ਇਥੋਂ ਦੇ ਗਵਰਨਰ ਵੀ ਸ: ਨਲੂਆ ਨੂੰ ਹੀ ਬਣਾਇਆ ਗਿਆ। ਪਿਸ਼ਾਵਰ ਦੇ ਇਲਾਕੇ ਦੇ ਪਠਾਣ ਬੜੇ ਅੜਬ ਸੁਭਾਅ ਦੇ ਮਾਲਕ ਸਨ। ਇਨ੍ਹਾਂ ਪਠਾਣਾਂ ਨੇ ਵੀ ਆਖਰ ਸ: ਹਰੀ ਸਿੰਘ ਨਲੂਆ ਦੀ ਈਨ ਮੰਨੀ। ਨਲੂਆ ਦਾ ਨਾਂਅ ਸੁਣ ਕੇ ਪਠਾਣ ਲੋਕ ਭੱਜ ਜਾਂਦੇ ਸਨ।ਸੱਯਦ ਮੁਹੰਮਦ ਲਤੀਫ਼ ‘ਹਿਸਟਰੀ ਆਫ਼ ਦੀ ਪੰਜਾਬ’ ਵਿੱਚ ਸਫ਼ਾ 483 ’ਤੇ ਲਿਖਦਾ ਹੈ ਕਿ ਅਫ਼ਗਾਨਾਂ ਦੇ ਦਿਲ ਵਿੱਚ ਸ. ਨਲਵਾ ਦਾ ਦਬਦਬਾ ਅਜਿਹਾ ਬੈਠ ਗਿਆ ਸੀ ਕਿ ਅੱਜ ਤਕ ਪਿਸ਼ਾਵਰ ਤੇ ਇਸ ਦੇ ਨਜ਼ਦੀਕੀ ਇਲਾਕਿਆਂ ਵਿੱਚ ਮਾਵਾਂ ਉਸ ਦਾ ਨਾਂ ‘ਹਰੀਆਂ’ (ਹਰੀ ਸਿੰਘ ਨਲਵਾ) ਲੈ ਕੇ ਆਪਣੇ ਪੁੱਤਰਾਂ ਨੂੰ ਡਰਾਉਂਦੀਆਂ ਹਨ। ਐਲਫ਼ ਕੈਰੋ ਅਨੁਸਾਰ ਅੱਜ ਵੀ ਪਠਾਣ ਔਰਤਾਂ ਆਪਣੇ ਸ਼ੈਤਾਨ ਬੱਚਿਆਂ ਨੂੰ ‘ਹਰੀਆਂ ਰਾਗ਼ਲੇ’ (ਹਰੀ ਸਿੰਘ ਆ ਗਿਆ) ਕਹਿ ਕੇ ਡਰਾਉਂਦੀਆਂ ਹਨ।
ਆਖਰ 1837 ਈ: ਵਿਚ ਦੋਸਤ ਮੁਹੰਮਦ ਖਾਨ ਨੇ ਸਿੱਖਾਂ ਵਿਰੁੱਧ ਜਹਾਦ ਖੜ੍ਹਾ ਕਰਨ ਦਾ ਨਾਅਰਾ ਦਿੱਤਾ। ਉਸ ਨੇ ਜਮਰੌਦ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਦੀ ਅਗਵਾਈ ਉਸ ਦਾ ਲੜਕਾ ਅਕਬਰ ਖਾਨ ਕਰ ਰਿਹਾ ਸੀ। ਸਿੱਖ ਫੌਜਾਂ ਦੀ ਅਗਵਾਈ ਸ: ਹਰੀ ਸਿੰਘ ਨਲੂਆ ਕਰ ਰਿਹਾ ਸੀ। ਇਸ ਯੁੱਧ ਵਿਚ ਸ: ਨਲੂਆ ਨੇ ਲਾਸਾਨੀ ਯੁੱਧ ਕਲਾ ਵਿਖਾਈ, ਅਫ਼ਗਾਨੀਆਂ ਦੀ ਹਾਰ ਹੋਈ। ਸਿੱਖਾਂ ਨੇ ਉਨ੍ਹਾਂ ਤੋਂ 14 ਵੱਡੀਆਂ ਤੋਪਾਂ ਖੋਹ ਲਈਆਂ। ਜਿੱਤ ਹੋਣ ਤੋਂ ਬਾਅਦ ਜਦੋਂ ਸਿੱਖ ਫੌਜ ਵਾਪਸ ਮੁੜ ਰਹੀ ਸੀ ਤਾਂ ਪਹਾੜੀ ਗੁਫ਼ਾ ਵਿਚ ਲੁਕੇ ਕੁਝ ਪਠਾਣਾਂ ਨੇ ਸ: ਹਰੀ ਸਿੰਘ ਨਲੂਆ ਉੱਪਰ ਗੋਲੀਆਂ ਦੀ ਬੁਛਾੜ ਕੀਤੀ। ਇਕ ਗੋਲੀ ਸ: ਨਲੂਆ ਦੀ ਛਾਤੀ ਵਿਚ, ਦੂਜੀ ਵੱਖੀ ਵਿਚ ਲੱਗੀ। ਜ਼ਖਮੀ ਯੋਧੇ ਨੇ ਆਪਣੇ ਘੋੜੇ ਨੂੰ ਜਮਰੌਦ ਦੇ ਕਿਲ੍ਹੇ ਵੱਲ ਮੋੜ ਲਿਆ। ਆਪਣਾ ਅੰਤ ਸਮਾਂ ਨੇੜੇ ਵੇਖਦਿਆਂ ਉਨ੍ਹਾਂ ਕਿਹਾ ਕਿ ਮੇਰੀ ਸ਼ਹਾਦਤ ਨੂੰ ਉਦੋਂ ਤੱਕ ਜੱਗ ਜ਼ਾਹਰ ਨਾ ਕੀਤਾ ਜਾਵੇ, ਜਦੋਂ ਤੱਕ ਸ਼ੇਰ-ਏ-ਪੰਜਾਬ ਫੌਜਾਂ ਸਮੇਤ ਕਿਲ੍ਹੇ ਵਿਚ ਨਹੀਂ ਪਹੁੰਚ ਜਾਂਦੇ। ਇਹ ਡਿਊਟੀ ਉਨ੍ਹਾਂ ਕਿਲ੍ਹੇਦਾਰ ਸ: ਮਹਾਂ ਸਿੰਘ ਦੀ ਲਾਈ। ਇਸ ਤਰ੍ਹਾਂ ਸਿੱਖ ਰਾਜ ਦੀਆਂ ਹੱਦਾਂ ਨੂੰ ਵਧਾਉਂਦਿਆਂ 30 ਅਪ੍ਰੈਲ, 1837 ਈ: ਨੂੰ ਕੌਮ ਦੇ ਇਸ ਮਹਾਨ ਜਰਨੈਲ ਸ: #ਹਰੀ_ਸਿੰਘ_ਨਲੂਆ ਨੇ ਸ਼ਹਾਦਤ ਦਾ ਜਾਮ ਪੀਤਾ। ਮਹਾਰਾਜੇ ਨੇ ਮਹਿਸੂਸ ਕੀਤਾ ਕਿ ਸਿੱਖ ਰਾਜ ਦਾ ਇਕ ਵੱਡਾ ਥੰਮ੍ਹ ਅੱਜ ਡਿੱਗ ਗਿਆ ਹੈ। ਜਦੋਂ ਸ: ਹਰੀ ਸਿੰਘ ਨਲੂਆ ਨੇ ਸ਼ਹਾਦਤ ਪ੍ਰਾਪਤ ਕੀਤੀ, ਉਸ ਸਮੇਂ ਉਹ 3,67,000 ਰੁਪਏ ਸਾਲਾਨਾ ਜਗੀਰ ਦਾ ਮਾਲਕ ਸੀ। ਅੱਜ ਵੀ ਇਸ ਮਹਾਨ ਜਰਨੈਲ ਨੂੰ ਸਮੁੱਚੇ ਵਿਸ਼ਵ ਵਿਚ ਵਸਣ ਵਾਲਾ ਹਰ ਸਿੱਖ ਸਤਿਕਾਰ ਤੇ ਸ਼ਰਧਾ ਨਾਲ ਯਾਦ ਕਰਦਾ ਹੈ। ਸਮੁੱਚੇ ਵਿਸ਼ਵ ਦੀਆਂ ਸੈਨਾਵਾਂ ਦੇ ਜਰਨੈਲ ਤੇ ਯੋਧੇ ਸ: ਨਲੂਆ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਹਨ। ਇਸ ਮਹਾਨ ਜਰਨੈਲ ਦੀ ਸ਼ਹਾਦਤ ਨੂੰ ਸਾਡਾ ਪ੍ਰਣਾਮ।

About Author

Leave a Reply

Your email address will not be published. Required fields are marked *

You may have missed