ਸੌਦਾ ਸਾਧ ਦੇ ਚੇਲੇ ਵੱਲੋਂ ਦਸਮ ਪਾਤਸ਼ਾਹ ਵਿਰੁੱਧ ਮਨਘੜਤ ਬਿਆਨਬਾਜ਼ੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸੌਦਾ ਸਾਧ ਦੇ ਇਕ ਚੇਲੇ ਵੱਲੋਂ ਰਾਮ ਰਹੀਮ ਦੀ ਤੁਲਨਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ਨੂੰ ਬੇਹੱਦ ਘਟੀਆ ਸੋਚ ਦਾ ਪ੍ਰਗਟਾਵਾ ਕਰਾਰ ਦਿੰਦਿਆਂ ਆਖਿਆ ਕਿ ਅਜਿਹੀਆਂ ਬੇਤੁਕੀਆਂ ਅਤੇ ਮਨਘੜਤ ਗੱਲਾਂ ਕਰਕੇ ਕੁਝ ਸ਼ਰਾਰਤੀ ਅਨਸਰ ਜਾਣਬੁਝ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਨੂੰ ਕਾਰਵਾਈ ਲਈ ਲਿਖਿਆ ਪੱਤਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਸੇ ਦੁਨਿਆਵੀ ਵਿਅਕਤੀ ਦੀ ਤੁਲਨਾ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ- ਡਾ. ਰੂਪ ਸਿੰਘ
ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਸੇ ਦੁਨਿਆਵੀ ਵਿਅਕਤੀ ਦੀ ਤੁਲਨਾ ਕਰਨਾ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ। ਇਸ ਨਾਲ ਵਿਸ਼ਵ ਭਰ ਵਿਚ ਵੱਸੇ ਘੱਟਗਿਣਤੀ ਸਿੱਖਾਂ ਅੰਦਰ ਰੋਸ ਤੇ ਰੋਹ ਪੈਦਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਵੱਲੋਂ ਗੁਰੂ ਸਾਹਿਬ ਦਾ ਸਵਾਂਗ ਰਚ ਕੇ ਸਿੱਖ ਭਾਵਨਾਵਾਂ ਦਾ ਕਤਲ ਕੀਤਾ ਗਿਆ ਸੀ ਅਤੇ ਹੁਣ ਮੁੜ ਉਸ ਦੇ ਇਕ ਪੈਰੋਕਾਰ ਵੱਲੋਂ ਇਸ ਮਾਮਲੇ ਨੂੰ ਦੁਬਾਰਾ ਤੂਲ ਦੇਣ ਨਾਲ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤਬਾਹ ਕਰਨ ਦੀ ਮਨਸ਼ਾ ਰੱਖਣ ਵਾਲੇ ਅਜਿਹੇ ਲੋਕਾਂ ਵਿਰੁੱਧ ਪੰਜਾਬ ਸਰਕਾਰ ਨੂੰ ਸਖ਼ਤ ਹੋਣਾ ਪਵੇਗਾ। ਡਾ. ਰੂਪ ਸਿੰਘ ਨੇ ਆਖਿਆ ਕਿ ਸੋਸ਼ਲ ਮੀਡੀਆ ਦੀ ਅਜ਼ਾਦੀ ਦਾ ਹਰਗਿਜ ਇਹ ਮਤਲਬ ਨਹੀਂ ਹੈ ਕਿ ਜੋ ਮਰਜ਼ੀ ਬਿਆਨ ਕਰਕੇ ਲੋਕਾਂ ਵਿਚ ਫੈਲਾਇਆ ਜਾਵੇ। ਉਨ੍ਹਾਂ ਆਖਿਆ ਕਿ ਸਾਈਬਰ ਕਰਾਈਮ ਵਿਭਾਗ ਦੀ ਅਣਗਹਿਲੀ ਅਜਿਹੀਆਂ ਘਟਨਾਵਾਂ ਵਿਚ ਵਾਧਾ ਕਰਨ ਦਾ ਕਾਰਨ ਬਣ ਰਹੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਸੰਜੀਦਾ ਹੈ ਅਤੇ ਇਸ ਦੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀ.ਜੀ.ਪੀ. ਨੂੰ ਪੱਤਰ ਲਿਖ ਕੇ ਦੋਸ਼ੀ ਵਿਰੁੱਧ ਧਾਰਾ 295-ਏ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਡਾ. ਰੂਪ ਸਿੰਘ ਨੇ ਇਹ ਵੀ ਆਖਿਆ ਕਿ ਮੌਜੂਦਾ ਸਮੇਂ ਚੌਣਾਂ ਦੇ ਮਾਹੌਲ ਵਿਚ ਅਜਿਹੇ ਸ਼ਰਾਰਤੀ ਅਨਸਰਾਂ ਵੱਲੋਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ ਸਵਾਲ ਪੈਦਾ ਕਰਦਾ ਹੈ, ਜਿਸ ਲਈ ਪੰਜਾਬ ਦੀ ਸਰਕਾਰ ਨੂੰ ਅੱਗੇ ਤੋਂ ਸੁਚੇਤ ਰਹਿਣ ਦੇ ਨਾਲ ਨਾਲ ਉਕਤ ਦੋਸ਼ੀ ਵਿਰੁੱਧ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

About Author

Leave a Reply

Your email address will not be published. Required fields are marked *

You may have missed