ਰਿਵਾਲਵਰ ਸਾਫ਼ ਕਰਦੇ ਹੋਏ ਅਚਾਨਕ ਗੋਲੀ ਚੱਲਣ ਨਾਲ ਪੁਲੀਸ ਦੇ ਸੀਨੀਅਰ ਕਾਂਸਟੇਵਲ ਦੀ ਮੌਤ
ਖਰੜ 4 ਪੱਤਰ ਪ੍ਰੇਰਕ ਮਈ ਬੀਤੀ ਅੱਧੀ ਰਾਤ ਇੱਥੋਂ ਦੇ ਗੁਲਮੋਹਰ ਕੰਪਲੈਕਸ ਵਿਖੇ ਆਪਣਾ ਰਿਵਾਲਵਰ ਸਾਫ਼ ਕਰਦੇ ਹੋਏ ਅਚਾਨਕ ਇਸ ਦੇ ਚੱਲ ਜਾਣ ਕਾਰਨ ਜਤਿੰਦਰ ਸਿੰਘ ਨਾਂ ਦੇ ਇੱਕ ਸੀਨੀਅਰ ਕਾਂਸਟੇਵਲ ਦੀ ਮੌਤ ਹੋ ਗਈ। ਇਸ ਸੰਬੰਧੀ ਇਸ ਕੇਸ ਦੇ ਜਾਂਚ ਅਧਿਕਾਰੀ ਮੇਜਰ ਸਿੰਘ ਨੇ ਦੱਸਿਆਂ ਕਿ ਖਰੜ ਸਦਰ ਪੁਲੀਸ ਨੇ ਮ੍ਰਿਤਕ ਦੇ ਭਰਾ ਗੁਰਿੰਦਰ ਸਿੰਘ ਵਾਸੀ ਪਿੰਡ ਮੁਗਲਮਾਜਰੀ ਜਿਲ੍ਹਾ ਰੋਪੜ ਦੇ ਬਿਆਨਾਂ ਤੇ ਸੀ.ਆਰ.ਪੀ.ਸੀ ਦੀ ਧਾਰਾ 174 ਅਧੀਨ ਕਾਰਵਾਈ ਕਰਕੇ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੇ ਛੋਟੇ ਭਰਾ ਗੁਰਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆਂ ਕਿ ਉਸ ਦਾ ਭਰਾ ਜਤਿੰਦਰ ਸਿੰਘ ਪੁਲੀਸ ਦੇ ਸੀਨੀਅਰ ਅਫਸਰਾਂ ਨਾਲ ਡਰਾਇਵਰੀ ਦਾ ਕੰਮ ਕਰਦਾ ਸੀ ਅਤੇ ਉਹ ਗੁਲਮੋਹਰ ਕੰਪਲੈਕਸ ਦੇਸੂਮਾਜਰਾ ਵਿਖੇ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ । ਬੀਤੀ ਰਾਤ ਉਸ ਨੇ ਫੋਨ ਤੇ ਆਪਣੇ ਭਰਾ ਨੂੰ ਦੱਸਿਆਂ ਕਿ ਉਹ ਕਮਰੇ ਵਿੱਚ ਹੈ ਅਤੇ ਠੀਕ ਠਾਕ ਹੈ। ਕੁਝ ਦੇਰ ਬਾਅਦ ਉਸ ਨੂੰ ਫਿਰ ਫੋਨ ਆਇਆ ਕਿ ਜਤਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਉਸ ਨੇ ਦੱਸਿਆਂ ਕਿ ਜਦੋਂ ਉਹ ਖਰੜ ਪਹੁੰਚਿਆਂ ਤਾਂ ਉਸ ਨੂੰ ਪਤਾ ਚੱਲਿਆ ਕਿ ਜਤਿੰਦਰ ਸਿੰਘ ਡਿਊਟੀ ਤੋਂ ਆ ਕੇ ਆਪਣੇ ਰਿਵਾਲਵਰ ਨੂੰ ਲਗਭਗ ਸਵਾ 11 ਵਜੇ ਸਾਫ ਕਰ ਰਿਹਾ ਸੀ ਕਿ ਸਾਫ ਕਰਦੇ ਕਰਦੇ ਅਚਾਨਕ ਉਸ ਵਿੱਚੋ ਫਾਇਰ ਹੋ ਗਿਆ ਅਤੇ ਸਿਰ ਵਿੱਚ ਗੋਲੀ ਲੱਗੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਜਿਵੇਂ ਹੀ ਖਰੜ ਸਦਰ ਪੁਲੀਸ ਨੂੰ ਇਸ ਸੰਬੰਧੀ ਸੂਚਨਾ ਮਿਲੀ ਮੇਜਰ ਸਿੰਘ ਮੌਕੇ ਤੇ ਪਹੁੰਚਿਆ ਅਤੇ ਉਸ ਨੇ ਮ੍ਰਿਤਕ ਦੇਹ ਸਿਵਲ ਹਸਪਤਾਲ ਖਰੜ ਵਿਖੇ ਪਹੁੰਚਾਈ। ਸੂਚਨਾ ਅਨੁਸਾਰ ਮ੍ਰਿਤਕ 37 ਸਾਲ ਦਾ ਸੀ ਅਤੇ ਉਹ ਪੀ.ਏ.ਪੀ 82 ਵਟਾਲੀਅਨ ਵਿੱਚ ਭਰਤੀ ਹੋਇਆ ਸੀ ਉਹ ਸ਼ਾਦੀਸ਼ੁਦਾ ਸੀ ਅਤੇ 2 ਬੱਚਿਆਂ ਦਾ ਪਿਤਾ ਸੀ। ਉਹ ਇਸ ਸਮੇ ਪੰਜਾਬ ਦੇ ਏ.ਡੀ.ਜੀ.ਪੀ ਸ੍ਰੀ ਅਪ੍ਰਿਤ ਸ਼ੁਕਲਾ ਦੇ ਸੁਰਖਿਆ ਸਟਾਫ਼ ਵਿੱਚ ਤੈਨਾਤ ਸੀ ਅਤੇ ਡਰਾਈਵਰ ਦੇ ਤੌਰ ਤੇ ਵੀ ਕੰਮ ਕਰਦਾ ਸੀ। ਉਹ ਪਿੱਛਲੇ ਕਈ ਸਾਲਾਂ ਤੋਂ ਸ੍ਰੀ ਅਰਪਿਤ ਸ਼ਕਲਾ ਦੇ ਨਾਲ ਲੱਗਿਆ ਹੋਇਆ ਸੀ। ਮੇਜਰ ਸਿੰਘ ਨੇ ਦੱਸਿਆਂ ਕਿ ਪੋਸਟ ਮਾਰਟਮ ਕਰਵਾਉਣ ਉਪਰੰਤ ਉਸ ਦੀ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ।