ਰਾਮ ਰਹੀਮ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰਨ ਵਾਲੇ ਸਾਬਕਾ ਵਿਧਾਇਕ ਨੇ ਮੁਆਫੀ ਮੰਗੀ

ਹਰਿਆਣਾ ਦੇ ਸਾਬਕਾ ਵਿਧਾਇਕ ਅਤੇ ਜਨਤਾ ਪਾਰਟੀ ਹਰਿਆਣਾ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਡੇਰਾ ਮੁਖੀ ਰਾਮ ਰਹੀਮ ਨਾਲ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਮੁਆਫੀ ਮੰਗ ਲਈ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੀ ਗਲਤੀ ਮੰਨਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਲਿਖਤੀ ਮੁਆਫ਼ੀਨਾਮਾ ਭੇਜਿਆ ਸੀ। ਅੱਜ ਨਿਸ਼ਾਨ ਸਿੰਘ ਨਿੱਜੀ ਰੂਪ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਅਤੇ ਉਨ੍ਹਾਂ ਨੇ ਮੁਆਫ਼ੀ ਦੀ ਅਪੀਲ ਕੀਤੀ।
ਇਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਅਖੰਡ ਪਾਠ ਸਾਹਿਬ ਦਾ ਪਾਠ ਆਰੰਭ ਕਰਾਉਣ ਦਾ ਹੁਕਮ ਦਿੱਤਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 1984 ਸਿੱਖ ਨਸਲਕੁਸ਼ੀ ਦੇ ਨੌਂ ਦੋਸ਼ੀਆਂ ਨੂੰ ਬਰੀ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਸਿੱਖ ਜਥੇਬੰਦੀਆਂ ਨੂੰ ਆਪਸੀ ਮਤਭੇਦ ਛੱਡ ਕੇ ਇੱਕਜੁੱਟ ਹੋ ਕੇ ਸਰਕਾਰਾਂ ‘ਤੇ ਦਬਾਅ ਬਣਾ ਕੇ ਦੋਸ਼ੀਆਂ ਨੂੰ ਮੁੜ ਤੋਂ ਸਜ਼ਾ ਦਿਵਾਈ ਜਾਵੇ। ਸਿੰਘ ਸਾਹਿਬ ਨੇ ਕਿਹਾ ਕਿ ਨੋਟਿਸ ਵਿੱਚ ਆਇਆ ਹੈ ਕਿ ਭਾਰਤੀ ਫ਼ੌਜ ਵਿੱਚ ਭਰਤੀ ਹੋਣ ਲਈ ਭੂਗੋਲਿਕ ਪੱਧਰ ‘ਤੇ ਦਿੱਤੀ ਗਈ ਛੋਟ ਵਿੱਚ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਕੇ ਮੁਕੇਰੀਆਂ ਦੇ ਲਾਗਲੇ ਪਹਾੜੀ ਖੇਤਰਾਂ ਵਾਲੇ ਸਿੱਖ ਪਰਿਵਾਰ ਦੀ ਲੜਕੀ ਨੂੰ ਸਰੀਰਕ ਯੋਗਤਾ ‘ਚ ਰਿਆਇਤ ਲਈ ਸਰਟੀਫਿਕੇਟ ਜਾਰੀ ਹੋ ਗਿਆ ਪਰ ਉਸ ਦੇ ਭਰਾ ਨੂੰ ‘ਤੂੰ ਸਿੱਖ ਹੈਂ’ ਕਹਿ ਕੇ ਸਰਟੀਫਿਕੇਟ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਮਾਮਲੇ ਦੀ ਪੈਰਵੀ ਕਰਨ ਸਬੰਧੀ ਨਿਰਦੇਸ਼ ਦੇ ਦਿੱਤੇ ਗਏ ਹਨ।

Leave a Reply

Your email address will not be published. Required fields are marked *