10ਵੀਂ ਦੇ ਨਤੀਜਿਆਂ ‘ਚ ਕੁੜੀਆਂ ਇਕ ਵਾਰ ਫਿਰ ਮੋਹਰੀ।

ਮੋਹਾਲੀ (ਵੈੱਬ ਡੈਸਕ, ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਕੇ ਬਾਜ਼ੀ ਮਾਰ ਲਈ ਹੈ। 10ਵੀਂ ਦੀ ਪ੍ਰੀਖਿਆ ‘ਚ ਸੂਬੇ ਭਰ ‘ਚੋਂ 317387 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ‘ਚੋਂ 271554 ਬੱਚੇ ਮਤਲਬ ਕਿ 85.56 ਫੀਸਦੀ ਬੱਚੇ ਪਾਸ ਹੋਏ ਹਨ। ਇਨ੍ਹਾਂ ਨਤੀਜਿਆਂ ਨੇ ਕੁੜੀਆਂ ਨੇ 90.63 ਫੀਸਦੀ ਨਾਲ ਬਾਜ਼ੀ ਮਾਰ ਲਈ ਹੈ ਜਦਕਿ ਲੜਕਿਆਂ ਲਈ ਇਹ 81.30 ਫੀਸਦੀ ਹੈ। ਸ਼ਹਿਰੀ ਇਲਾਕਿਆਂ ‘ਚ ਪਾਸ ਫੀਸਦੀ 83.38 ਅਤੇ ਪੇਂਡੂ ਇਲਾਕਿਆਂ ‘ਚ ਪਾਸ ਫੀਸਦੀ 86.67 ਹੈ।
ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜਿਆਂ ਮੁਤਾਬਕ ਲੁਧਿਆਣਾ ਦੀ ਨੇਹਾ ਵਰਮਾ ਨੇ 650 ‘ਚੋਂ 647 (99.54 ਫ਼ੀਸਦੀ) ਅੰਕ ਹਾਸਲ ਕਰਕੇ ਸੂਬੇ ‘ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਉੱਥੇ ਹੀ ਸੰਗਰੂਰ ਦੀ ਹਰਲੀਨ ਕੌਰ, ਲੁਧਿਆਣਾ ਦੀਆਂ ਅੰਕਿਤਾ ਸਚਦੇਵਾ ਤੇ ਅੰਜਲੀ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਇਸ ਤੋਂ ਇਲਾਵਾ ਕਾਹਨੂੰਵਾਨ (ਗੁਰਦਾਸਪੁਰ) ਦੀ ਦਮਨਪ੍ਰੀਤ ਕੌਰ 644, ਬਠਿੰਡਾ ਦੀ ਜਸ਼ਮਨਪਰੀਤ ਕੌਰ ਨੇ 644, ਲੁਧਿਆਣਾ ਦੀ ਸੌਨੀ ਕੌਰ ਨੇ 644 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ।

Leave a Reply

Your email address will not be published.