ਬੇਅਦਬੀ ਕਰਨ ਤੇ ਕਰਵਾਉਣ ਵਾਲਿਆਂ ਅਤੇ ਇਸ ‘ਤੇ ਸਿਆਸਤ ਕਰਨ ਵਾਲਿਆਂ ਦਾ ਖਾਨਦਾਨ ਖ਼ਤਮ ਹੋ ਜਾਵੇ – ਸੁਖਬੀਰ
ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹਨਾਂ ਦੇ ਰੱਬ ਦੇ ਇਨਸਾਫ ਵਿਚ ਪੂਰਾ ਭਰੋਸਾ ਹੈ। ਉਹਨਾਂ ਕਿਹਾ ਕਿ ਪੰਥ ਦੀ ਜਥੇਬੰਦੀ ਦੇ ਪ੍ਰਧਾਨ ਦੀ ਹੈਸੀਅਤ ਵਿਚ ਮੈਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਘਿਨੌਣਾ ਪਾਪ ਕੀਤਾ ਜਾਂ ਕਰਵਾਇਆ ਹੈ, ਉਹਨਾਂ ਦਾ ਖਾਨਦਾਨ ਖ਼ਤਮ ਹੋ ਜਾਵੇ । ਜਿਹੜੇ ਲੋਕ ਇਸ ਬੇਅਦਬੀ ਦੇ ਨਾਂ ਤੇ ਸਿਆਸਤ ਕਰਦੇ ਹਨ, ਉਹਨਾਂ ਦਾ ਵੀ ਖਾਨਦਾਨ ਖ਼ਤਮ ਹੋ ਜੇ। ਸੁਖਬੀਰ ਬਾਦਲ ਨੇ ਕਿਹਾ ਕਿ ਅਮਰਿੰਦਰ ਬਤੌਰ ਮੁੱਖ ਮੰਤਰੀ ਆਪਣੀ ਨਾਕਾਮੀਆਂ ਨੂੰ ਲੁਕੋਣ ਲਈ ਬੇਅਦਬੀ ਦੇ ਮੁੱਦੇ ਦੀ ਦੁਰਵਰਤੋਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਵਿਕਾਸ, ਵਧੀਆ ਪ੍ਰਸਾਸ਼ਨ ਅਤੇ ਲੋਕ ਭਲਾਈ ਦੇ ਮੁੱਦਿਆਂ ਤੋਂ ਭੱਜ ਰਿਹਾ ਹੈ, ਜਦਕਿ ਉਸ ਨੂੰ ਸਿਰਫ ਇਹਨਾਂ ਮੁੱਦਿਆਂ ਉੱਤੇ ਵੀ ਵੋਟਾਂ ਮੰਗਣੀਆਂ ਚਾਹੀਦੀਆਂ ਹਨ। ਉਸ ਅੰਦਰ ਆਪਣੀ ਕਾਰਗੁਜ਼ਾਰੀ ਦੇ ਨਾਂ ਉੱਤੇ ਇੱਕ ਵੀ ਵੋਟ ਮੰਗਣ ਦੀ ਹਿੰਮਤ ਨਹੀਂ ਹੈ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਨੇ ਕਿਹਾ ਕਿ ਮੁੱਖ ਮੰਤਰੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਖਾ ਕੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਗਿਆ ਹੈ। ਉਹਨਾਂ ਕਿਹਾ ਕਿ ਅੱਜ ਉਹ ਮੁਕੰਮਲ ਕਰਜ਼ਾ ਮੁਆਫੀ, ਘਰ ਘਰ ਰੁਜ਼ਗਾਰ, 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ, ਦਲਿਤਾਂ ਅਤੇ ਗਰੀਬਾਂ ਨੂੰ 400 ਯੂਨਿਟ ਮੁਫਤ ਬਿਜਲੀ, ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ, ਗਰੀਬਾਂ ਨੂੰ ਆਟਾ-ਦਾਲ ਦੇ ਨਾਲ ਖੰਡ ਮੁਫਤ ਦੇਣ ਦੀ ਗੱਲ ਕਰਦਾ ਵੀ ਸੁਣਾਈ ਨਹੀਂ ਦਿੰਦਾ ਹੈ। ਬਾਦਲ ਨੇ ਕਿਹਾ ਕਿ ਇਸ ਦੇ ਉਲਟ ਕੈਪਟਨ ਖਜ਼ਾਨਾ ਖਾਲੀ ਹੋਣ ਦਾ ਝੂਠਾ ਬਹਾਨਾ ਬਣਾ ਕੇ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ-ਪੱਖੀ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਹੈ।