ਮਈ ਦੇ ਦੂਜੇ ਹਫਤੇ 40 ਡਿਗਰੀ ਤੋਂ ਟੱਪਿਆ ਪਾਰਾ, ਗਰਮੀ ਨੇ ਕੱਢੇ ਵੱਟ

ਮੋਹਾਲੀ– ਇਸ ਸਾਲ ਮਈ ਮਹੀਨੇ ਦੇ ਦੂਸਰੇ ਹਫਤੇ ਤਾਪਮਾਨ ਵਿਚ ਇਕਦਮ ਹੋਏ ਵਾਧੇ ਕਾਰਨ ਗਰਮੀ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ। ਇਸ ਤਹਿਤ ਗੁਰਦਾਸਪੁਰ ਅਤੇ ਆਸਪਾਸ ਇਲਾਕਿਆਂ ਅੰਦਰ ਦਿਨ ਦਾ ਤਾਪਮਾਨ 40 ਡਿਗਰੀ ਤੋਂ ਵੀ ਪਾਰ ਹੋ ਜਾਣ ਕਾਰਨ ਨਾ ਸਿਰਫ ਆਮ ਲੋਕ ਗਰਮੀ ਨਾਲ ਤ੍ਰਾਹ-ਤ੍ਰਾਹ ਕਰਨ ਲੱਗ ਪਏ ਹਨ, ਸਗੋਂ ਪਸ਼ੂ-ਪੰਛੀ ਅਤੇ ਬਨਸਪਤੀ ਵੀ ਪ੍ਰਭਾਵਿਤ ਹੋਣ ਲੱਗ ਪਈ ਹੈ। ਖਾਸ ਤੌਰ ’ਤੇ ਖੇਤਾਂ ’ਚ ਚਾਰੇ ਵਾਲੀਆਂ ਫਸਲਾਂ ਅਤੇ ਫਲ ਸਬਜ਼ੀਆਂ ਨੂੰ ਵੀ ਵਧ ਰਹੀ ਗਰਮੀ ਦਾ ਸੇਕ ਲੱਗਣਾ ਸ਼ੁਰੂ ਹੋ ਗਿਆ ਹੈ। ਇੰਨਾ ਹੀ ਨਹੀਂ ਪਿਛਲੇ ਦਿਨੀਂ ਵੱਖ-ਵੱਖ ਥਾਈਂ ਖੇਤ ਵਿਚ ਅੱਗ ਲੱਗਣ ਦੀਆਂ ਲਗਾਤਾਰ ਵਾਪਰੀਆਂ ਘਟਨਾਵਾਂ ਅਤੇ ਕਈ ਕਿਸਾਨਾਂ ਵੱਲੋਂ ਖੁਦ ਖੇਤਾਂ ਵਿਚ ਅੱਗ ਲਗਾ ਦਿੱਤੇ ਜਾਣ ਕਾਰਨ ਵਾਤਾਵਰਣ ਵਿਚ ਪ੍ਰਦੂਸ਼ਣ ਦੀ ਮਾਤਰਾ ਵੀ ਵਧ ਗਈ ਹੈ।

ਸਿਹਤ ਲਈ ਨੁਕਸਾਨਦਾਇਕ ਗਰਮੀ

ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਗੁਰਖੇਲ ਸਿੰਘ ਕਲਸੀ ਅਨੁਸਾਰ ਇਨ੍ਹਾਂ ਦਿਨਾਂ ਵਿਚ ਚੱਲ ਰਹੀਆਂ ਗਰਮ ਤੇ ਖੁਸ਼ਕ ਹਵਾਵਾਂ ਕਿਸੇ ਵੀ ਪੱਖੋਂ ਸਿਹਤ ਲਈ ਠੀਕ ਨਹੀਂ ਹਨ। ਵਾਤਾਵਰਣ ਵਿਚ ਘੱਟਾ ਅਤੇ ਨਮੀ ਦੀ ਕਮੀ ਕਾਰਨ ਲੋਕ ਬੀਮਾਰ ਹੋਣੇ ਸ਼ੁਰੂ ਹੋ ਰਹੇ ਹਨ। ਇਨ੍ਹਾਂ ਦਿਨਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਅਤੇ ਜਿੰਨਾ ਵੀ ਸੰਭਵ ਹੋ ਸਕੇ, ਧੁੱਪ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਹਿਕਣ ਲੱਗੇ ਪਸ਼ੂ ਤੇ ਪੰਛੀ

ਕਈ ਥਾਵਾਂ ’ਤੇ ਗਰਮੀ ਕਾਰਨ ਪਸ਼ੂ ਤੇ ਪੰਛੀ ਸਹਿਕਣ ਲੱਗ ਪਏ ਹਨ। ਖਾਸ ਤੌਰ ’ਤੇ ਆਵਾਰਾ ਪਸ਼ੂ ਧੁੱਪ ਤੋਂ ਬਚਣ ਲਈ ਛਾਂ ਲੱਭਦੇ ਦੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਪੰਛੀ ਵੀ ਰੁੱਖਾਂ ਦੀ ਘਾਟ ਕਾਰਨ ਕਈ ਥਾਵਾਂ ’ਤੇ ਪਾਣੀ ਅਤੇ ਛਾਂ ਲੱਭਣ ਲਈ ਭਟਕਦੇ ਦੇਖੇ ਜਾਂਦੇ ਹਨ। ਕਈ ਵਾਤਾਵਰਣ ਪ੍ਰੇਮੀਆਂ ਨੇ ਗਰਮੀ ਵਧਣ ਦੇ ਨਾਲ ਹੀ ਆਪਣੇ ਘਰਾਂ ਦੀਆਂ ਛੱਤਾਂ ਅਤੇ ਹੋਰ ਉੱਚੀਆਂ ਥਾਵਾਂ ’ਤੇ ਬਰਤਨਾਂ ਵਿਚ ਪਾਣੀ ਭਰ ਕੇ ਰੱਖਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਅਜਿਹੇ ਪੰਛੀਆਂ ਨੂੰ ਪਾਣੀ ਮਿਲ ਸਕੇ।

Leave a Reply

Your email address will not be published.