ਮੋਦੀ ਦੀ ਬਠਿੰਡਾ ਰੈਲੀ ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ।

ਬਠਿੰਡਾ: ਬੀਤੀ ਸ਼ਾਮ ਸ੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਰੈਲੀ ਜਿਸਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ ਵਿਚ ਆਗੂ ਪੂਰੇ ਹੌਂਸਲੇ ਵਿੱਚ ਦਿਖਾਈ ਨਹੀਂ ਦਿੱਤੇ ਅਤੇ ਪੰਜਾਬ ਵਿੱਚ ਪਹਿਲੀ ਵਾਰ ਇਹ ਹੋਇਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਮੰਚ ਤੇ ਬੈਠੇ ਹੋਣ ਦੇ ਬਾਵਜੂਦ ਉਹਨਾਂ ਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ ਬਲਕਿ ਆਉਣ ਵਾਲੇ ਸਮੇਂ ’ਚ ਉਹਨਾਂ ਨੂੰ ਦਰਕਿਨਾਰ ਕਰਨ ਦਾ ਸੁਨੇਹਾ ਵੀ ਦਿੱਤਾ। ਰੈਲੀ ਨੂੰ ਗੁਲਜਾਰ ਸਿੰਘ ਰਣੀਕੇ, ਸਵੇਤਾ ਮਲਿਕ ਅਤੇ ਜਗਮੀਤ ਸਿੰਘ ਬਰਾੜ ਬੋਲ ਹਟੇ ਤਾਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਨਾਂ ਸੰਬੋਧਨ ਕਰਨ ਲਈ ਬੋਲਿਆ ਗਿਆ, ਪਰ ਉਹਨਾਂ ਸਮੇਂ ਦੀ ਘਾਟ ਕਾਰਨ ਬੋਲਣ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਪਾਰਟੀ ਪ੍ਰਧਾਨ ਸ੍ਰ: ਸੁਖਬੀਰ ਸਿੰਘ ਦਾ ਨਾਂ ਲਿਆ ਅਤੇ ਉਹ ਰੈਲੀ ਨੂੰ ਸੰਬੋਧਨ ਕਰਨ ਲੱਗੇ। ਉਹ ਅਜੇ ਸੰਬੋਧਨ ਹੀ ਕਰ ਰਹੇ ਸਨ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮੰਚ ਤੇ ਆਏ ਅਤੇ ਉਹਨਾਂ ਲਈ ਰੱਖੀ ਕੁਰਸੀ ਤੇ ਜਾ ਬੈਠੇ। ਮੰਚ ਸੰਚਾਲਨ ਸ੍ਰ: ਸਿਕੰਦਰ ਸਿੰਘ ਮਲੂਕਾ ਨੇ ਸੁਖਬੀਰ ਬਾਦਲ ਦੇ ਭਾਸਣ ਉਪਰੰਤ ਕਿਹਾ ਕਿ ‘ਹੁਣ ਅਕਾਲੀ ਦਲ ਦੇ ਸ੍ਰਪਰਸਤ ਸ੍ਰ: ਪ੍ਰਕਾਸ ਸਿੰਘ ਬਾਦਲ ਸੰਬੋਧਨ ਕਰਨਗੇ’’ ਇਹ ਸੁਣਦਿਆਂ ਸ੍ਰ: ਬਾਦਲ ਉੱਠਣ ਹੀ ਲੱਗੇ ਸਨ, ਕਿ ਸ੍ਰੀ ਮੋਦੀ ਉੱਠੇ ਤੇ ਮਾਈਕ ਤੇ ਜਾ ਖੜੇ, ਉਹਨਾਂ ਸ੍ਰ: ਬਾਦਲ ਨੂੰ ਬੋਲਣ ਲਈ ਸਮਾਂ ਹੀ ਨਾ ਦਿੱਤਾ। ਰੈਲੀ ਵਿੱਚ ਬੈਠੇ ਲੋਕਾਂ ਨੇ ਇਸਦਾ ਬਹੁਤ ਬੁਰਾ ਮਨਾਇਆ। ਸ਼ਾਇਦ ਇਹ ਪਹਿਲੀ ਵਾਰ ਹੋਇਆ ਜਦ ਬਜੁਰਗ ਸਿਆਸਤਦਾਨ ਸ੍ਰ: ਬਾਦਲ ਮੰਚ ਤੇ ਬੈਠੇ ਰਹੇ, ਪਰ ਉਹਨਾਂ ਨੂੰ ਬੋਲਣ ਨਾ ਦਿੱਤਾ। ਇਸਤੋਂ ਪਹਿਲਾਂ ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਸਵੇਤਾ ਮਲਿਕ ਨੇ ਸੰਬੋਧਨ ਕਰਦਿਆਂ ਕਿਹਾ ਕਿ ‘‘ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ’’ ਇੱਥੇ ਹੀ ਬੱਸ ਨਹੀਂ ਸ੍ਰ: ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਵੀ ਕਿਹਾ ‘‘ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਆਉਣ ਵਾਲੇ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ।’’ ਇਸ ਤਰ੍ਹਾਂ ਪੰਚ ਤੇ ਬਿਰਾਜਮਾਨ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਸਾਹਮਣੇ ਵੱਡੀ ਰੈਲੀ ਵਿੱਚ ਸਟੇਜ ਤੋਂ ਇਹ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਸੀਨੀਅਰ ਬਾਦਲ ਨੂੰ ਦਰਕਿਨਾਰ ਕਰਨ ਦਾ ਫੈਸਲਾ ਹੋ ਚੁੱਕਾ ਹੈ। ਇਹ ਸੁਣਦਿਆਂ ਸ੍ਰ:ਪ੍ਰਕਾਸ ਸਿੰਘ ਬਾਦਲ ਦਾ ਚਿਹਰਾ ਸਪਸ਼ਟ ਦੱਸ ਰਿਹਾ ਸੀ ਕਿ ਉਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੈ। ਰੈਲੀ ਦੀ ਸਟੇਜ ਤੋਂ ਲੋਕਾਂ ਨੂੰ ਲੰਬਾ ਸਮਾਂ ਬਿਠਾ ਕੇ ਰੱਖਣ ਲਈ ਇੱਕ ਢਾਡੀ ਜਥਾ ਵਾਰਾਂ ਸੁਣਾ ਰਿਹਾ ਸੀ। ਇਸ ਜਥੇ ਦੇ ਮੁਖੀ ਨੇ ਜਦ ਕਿਹਾ ‘‘ਤਖਤ ਬਦਲ ਦਿਓ ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ’’ ਤਾਂ ਲੋਕਾਂ ਦੇ ਮੂੰਹ ਅੱਡੇ ਰਹਿ ਗਏ, ਕਿਉਂਕਿ ਲੋਕ ਸਭਾ ਚੋਣਾਂ ਨਾਲ ਤਾਂ ਕੇਂਦਰ ਸਰਕਾਰ ਸਥਾਪਤ ਕਰਨੀ ਹੈ ਅਤੇ ਢਾਡੀ ਸਿੰਘ ਪ੍ਰਧਾਨ ਮੰਤਰੀ ਦੀ ਆਮਦ ਵਾਲੀ ਰੈਲੀ ’ਚ ਕਹਿ ਰਿਹਾ ਹੈ ਕਿ ਬੇਈਮਾਨਾਂ ਦਾ ਰਾਜ ਬਦਲ ਦਿਓ। ਸੁਣ ਕੇ ਲੋਕ ਘੁਸਰ ਮੁਸਰ ਕਰਨ ਲੱਗ ਪਏ ਕਿ ਇਹ ਬੇਈਮਾਨ ਫੇਰ ਕਿਹੜੇ ਹੋਏ।

Leave a Reply

Your email address will not be published.