ਸ੍ਰੀ ਗੁਰੂ ਨਾਨਕ ਦੇਵ ਜੀ ਦਾ 55੦ਵਾਂ ਪ੍ਰਕਾਸ਼ ਪੁਰਬ

0

ਅੰਮ੍ਰਿਤਸਰ:   ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਇਨਾਮੀ ਢਾਡੀ ਤੇ ਕਵੀਸ਼ਰੀ ਮੁਕਾਬਲੇ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲੇ ਪਾਤਸ਼ਾਹ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨਾਮੀ ਢਾਡੀ ਤੇ ਕਵੀਸ਼ਰੀ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦਾ ਮੰਤਵ ਢਾਡੀ ਅਤੇ ਕਵੀਸ਼ਰੀ ਕਲਾ ਪ੍ਰਤੀ ਸਿੱਖ ਨੌਜੁਆਨੀ ਅੰਦਰ ਉਤਸ਼ਾਹ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਗੁਰੂ ਘਰ ਦੀ ਸ਼ਾਨਾਮੱਤੀ ਪ੍ਰੰਪਰਾ ਸੰਭਾਲੀ ਹੋਈ ਹੈ। ਢਾਡੀ ਜਗਤ ਅੰਦਰ ਗਿਆਨੀ ਸੋਹਣ ਸਿੰਘ ਸੀਤਲ ਅਤੇ ਕਵੀਸ਼ਰੀ ਕਲਾ ਵਿਚ ਗਿਆਨੀ ਜੋਗਾ ਸਿੰਘ ਜੋਗੀ ਸਮੇਤ ਅਨੇਕਾਂ ਸਿਰਕੱਢ ਜਥਿਆਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਵਰਤਮਾਨ ਸਮੇਂ ਅੰਦਰ ਇਸ ਸਿੱਖ ਕਲਾ ਨੂੰ ਹੋਰ ਨਿਖਾਰਨ ਦੇ ਨਜ਼ਰੀਏ ਤੋਂ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਢਾਡੀ ਤੇ ਕਵੀਸ਼ਰੀ ਦੇ ਜੋਨਲ ਮੁਕਾਬਲਿਆਂ ਦੀ ਸ਼ੁਰੂਆਤ ਮਾਝਾ ਜੋਨ ਲਈ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ ੨੫ ਤੇ ੨੬ ਮਈ ਨੂੰ ਹੋਵੇਗੀ। ਇਸੇ ਤਰ੍ਹਾਂ ਮਾਲਵਾ ਜੋਨ ਦੇ ਮੁਕਾਬਲੇ ੩੦ ਤੇ ੩੧ ਮਈ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ (ਲੁਧਿਆਣਾ) ਵਿਖੇ ਹੋਣਗੇ, ਜਦਕਿ ਦੁਆਬਾ ਜੋਨ ਦੇ ਮੁਕਾਬਲੇ ੧੦ ਤੇ ੧੧ ਜੂਨ ਨੂੰ ਗੁਰਦੁਆਰਾ ਸਾਹਿਬ ਸ਼ਹੀਦਾਂ ਲੱਧੇਵਾਲ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ ਰੱਖੇ ਗਏ ਹਨ। ਡਾ. ਰੂਪ ਸਿੰਘ ਅਨੁਸਾਰ ਜੋਨਲ ਮੁਕਾਬਲਿਆਂ ਵਿੱਚ ਪਹਿਲਾ ਇਨਾਮ ੨੧ ਹਜ਼ਾਰ ਰੁਪਏ, ਦੂਜਾ ਇਨਾਮ ੧੫ ਹਜ਼ਾਰ ਰੁਪਏ ਤੇ ਤੀਜਾ ਇਨਾਮ ੧੦ ਹਜ਼ਾਰ ਰੁਪਏ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚੋਂ ਸਥਾਨ ਗ੍ਰਹਿਣ ਕਰਨ ਵਾਲੇ ਜਥਿਆਂ ਦੇ ਮੁੱਖ ਮੁਕਾਬਲੇ ਸ਼ਤਾਬਦੀ ਸਮਾਗਮਾਂ ਮੌਕੇ ੯ ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਣਗੇ। ਮੁੱਖ ਮੁਕਾਬਲਿਆਂ ਵਿਚ ਪਹਿਲਾ ਸਥਾਨ ‘ਤੇ ਆਉਣ ਵਾਲੇ ਜਥੇ ਨੂੰ ੧ ਲੱਖ ਰੁਪਏ, ਦੂਜੇ ਸਥਾਨ ਵਾਲੇ ਨੂੰ ੭੫ ਹਜ਼ਾਰ ਰੁਪਏ ਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ੫੧ ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਲਈ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ੨੩ ਮਈ, ਗੁਰਦੁਆਰਾ ਸ੍ਰੀ ਟਾਹਲੀਆਣਾ ਰਾਏਕੋਟ ਵਿਖੇ ੨੮ ਮਈ ਅਤੇ ਗੁਰਦੁਆਰਾ ਸਾਹਿਬ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ੮ ਜੂਨ ਤੱਕ ਐਂਟਰੀਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੀ ਦੇਖ-ਰੇਖ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਕਰ ਰਹੇ ਹਨ ਅਤੇ ਜੱਜਮੈਂਟ ਲਈ ਯੂਨੀਵਰਸਿਟੀਆਂ ਤੋਂ ਇਤਿਹਾਸਕਾਰਾਂ ਦੇ ਨਾਲ-ਨਾਲ ਨਾਮਵਰ ਢਾਡੀ ਤੇ ਕਵੀਸ਼ਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਪ੍ਰਤੀ ਜਥਿਆਂ ਅੰਦਰ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਵਿਚ ਐਂਟਰੀਆਂ ਪੁੱਜ ਰਹੀਆਂ ਹਨ।

About Author

Leave a Reply

Your email address will not be published. Required fields are marked *

You may have missed