ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ

ਸ਼੍ਰੋਮਣੀ ਕਮੇਟੀ ਨੇ ਜ਼ੈਜ਼ਲ ਡਾਟਕਾਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਅੰਮ੍ਰਿਤਸਰ, 25 ਮਈ-ਮਨਵਿੰਦਰ ਸਿੰਘ ਵਿੱਕੀ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਨਲਾਈਨ ਖਰੀਦਦਾਰੀ ਨਾਲ ਸਬੰਧਤ ਵੈੱਬਸਾਈਟ ਜ਼ੈਜ਼ਲ ਡਾਟਕਾਮ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਇਸ ਵੈੱਬਸਾਈਟ ਵੱਲੋਂ ਵੇਚਣ ਲਈ ਪਾਏ ਵੱਖ-ਵੱਖ ਤਰ੍ਹਾਂ ਦੇ ਸਮਾਨ ’ਤੇ ਗੁਰਮੁੱਖੀ ਅੱਖਰਾਂ ਨੂੰ ਛਾਪਿਆ ਗਿਆ ਹੈ। ਕੱਪੜਿਆਂ, ਟੋਪੀਆਂ, ਬੈਗਾਂ, ਚੱਪਲਾਂ ਤੇ ਮੋਬਾਇਲ ਕਵਰਾਂ ਆਦਿ ‘ਤੇ ਗੁਰਮੁੱਖੀ ਅੱਖਰਾਂ ਦੇ ਨਾਲ-ਨਾਲ ਪਾਵਨ ਗੁਰਬਾਣੀ ਵਿੱਚੋਂ ੴ ਨੂੰ ਤੋੜ ਮੋਰੜ ਕੇ ਲਿਖਣ ਕਾਰਨ ਸਿੱਖ ਜਗਤ ਵਿਚ ਰੋਸ ਫੈਲਿਆ ਹੈ। ਵੈੱਬਸਾਈਟ ਦੀ ਇਸ ਹਰਕਤ ਦਾ ਸਖ਼ਤ ਨੋਟਿਸ ਲੈਂਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਥੇ ਇਸ ਦੀ ਕਰੜੀ ਨਿੰਦਾ ਕੀਤੀ ਹੈ, ਉਥੇ ਹੀ ਸਬੰਧਤਾਂ ਖ਼ਿਲਾਫ਼ ਸਖ਼ਤ ਕਾਰਵਾਈ ਸਿਰੇ ਚਾੜ੍ਹਨ ਦੀ ਮੰਗ ਵੀ ਕੀਤੀ। ਭਾਈ ਲੌਂਗੋਵਾਲ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਜਾਣਬੁਝ ਕੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਅਜਿਹੇ ਲੋਕਾਂ ਖ਼ਿਲਾਫ਼ ਸਰਕਾਰਾਂ ਨੂੰ ਸਖ਼ਤ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਸਨ ਅਤੇ ਹੁਣ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵੈੱਬਸਾਈਟ ਵਿਰੁੱਧ 295-ਏ ਅਤੇ ਹੋਰ ਬਣਦੀਆਂ ਧਰਾਵਾਂ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਸਿੱਖ ਭਾਵਨਾਵਾਂ ਨੂੰ ਤਾਰ-ਤਾਰ ਕਰਨ ਵਾਲੀ ਵੈੱਬਸਾਈਟ ਖ਼ਿਲਾਫ਼ ਕਾਰਵਾਈ ਕਰਨ ਲਈ ਡੀ.ਜੀ.ਪੀ. ਪੰਜਾਬ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੱਤਰ ਦਾ ਉਤਾਰਾ ਆਈ.ਜੀ. ਪੁਲਿਸ ਸਾਈਬਰ ਕਰਾਈਮ ਮੋਹਾਲੀ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਭੇਜਿਆ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਕੈਲੇਫੋਰਨੀਆ ਨਾਲ ਸਬੰਧਤ ਜ਼ੈਜ਼ਲ ਡਾਟਕਾਮ ਨਾਂ ਦੀ ਇਸ ਵੈੱਬਸਾਈਟ ਵੱਲੋਂ ਆਨਲਾਈਨ ਵਿਕਰੀ ਲਈ ਲਗਾਏ ਸਮਾਨ ’ਤੇ ਗੁਰਮੁਖੀ ਅੱਖਰਾਂ ਅਤੇ ਗੁਰਬਾਣੀ ਨਾਲ ਸਬੰਧਤ ਕੁਝ ਅੰਸ਼ਾਂ ਨੂੰ ਛਾਪਿਆ ਗਿਆ ਹੈ। ਇਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ’ਤੇ ਸਾਂਝੀਆਂ ਕਰਕੇ ਸਿੱਖ ਸੰਗਤਾਂ ਵੱਲੋਂ ਭਰਵੀਂ ਨਿੰਦਾ ਕੀਤੀ ਜਾ ਰਹੀ ਹੈ। ਇਸ ਵੈੱਬਸਾਈਟ ਵੱਲੋਂ ਹੋਰਨਾਂ ਵੈੱਬਸਾਈਟਾਂ ਅਤੇ ਸ਼ੋਸ਼ਲ ਮੀਡੀਏ ਰਾਹੀਂ ਆਪਣੇ ਵਪਾਰ ਨੂੰ ਵਧਾਉਣ ਦੇ ਮਕਸਦ ਨਾਲ ਇਸ ਨੂੰ ਫੈਲਾਇਆ ਵੀ ਜਾ ਰਿਹਾ ਹੈ।

Leave a Reply

Your email address will not be published. Required fields are marked *