ਬੇਅਦਬੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ ‘ਚ ਕਤਲ,ਜੇਲ ਸੁਪਰੀਡੈਂਟ ਅਤੇ ਸੈੱਲ ਇੰਚਾਰਜ ਸਸਪੈਂਡ

ਨਾਭਾ : ਨਾਭਾ ਦੀ ਨਵੀਂ ਬਣੀ ਜ਼ਿਲਾ ਜੇਲ ਵਿਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਦਾ ਕਤਲ ਕਰ ਦਿੱਤਾ ਗਿਆ। ਕੈਦੀਆਂ ਵਿਚਾਲੇ ਹੋਈ ਲੜਾਈ ਦੌਰਾਨ ਅੰਡਰ ਟਰਾਇਲ ਕੈਦੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿੰਦਰਪਾਲ ਸਿੰਘ ਵਾਸੀ ਫਰੀਦਕੋਟ ਵਜੋਂ ਹੋਈ ਹੈ, ਜੋ ਕਿ ਅੰਡਰ ਟਰਾਇਲ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਅਧਿਕਾਰੀ ਨੇ ਦੱਸਿਆ ਕਿ ਮਹਿੰਦਰਪਾਲ ‘ਤੇ ਜੇਲ ਵਿਚ ਬੰਦ ਦੋ ਹੋਰ ਕੈਦੀਆਂ ਵਲੋਂ ਹਮਲਾ ਕਰ ਦਿੱਤਾ ਗਿਆ। ਜੇਲ ਅਧਿਕਾਰੀ ਮੁਤਾਬਕ ਜੇਲ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਥੇ ਪਏ ਸਰੀਏ ਨਾਲ ਕੈਦੀ ਮਹਿੰਦਰ ਸਿੰਘ ਤੇ ਗੁਰਸੇਵਕ ਸਿੰਘ ਨੇ ਮਹਿੰਦਰਪਾਲ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜੇਲ ਪ੍ਰਸ਼ਾਸਨ ਵਲੋਂ ਗੰਭੀਰ ਜ਼ਖਮੀ ਹਾਲਤ ਵਿਚ ਮਹਿੰਦਰਪਾਲ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਨਾਭਾ ਦੀ ਜੇਲ ਵਿਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਦੇ ਕਤਲ ਤੋਂ ਬਾਅਦ ਜੇਲ ਸੁਪਰੀਡੈਂਟ ਬਲਕਾਰ ਸਿੰਘ ਭੁੱਲਰ ਤੇ ਸੈੱਲ ਇੰਨਚਾਰਜ ਨੂੰ ਸਸਪੈਂਡ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਆਉਣ ਵਾਲੇ ਸਮੇਂ ‘ਚ ਹੋਰ ਵੀ ਜੇਲ ਅਧਿਕਾਰੀਆਂ ਦੀ ਸਸਪੈਂਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਸਬੰਧੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਤੇ ਇਸ ਦਾ ਜ਼ਿੰਮਾ ਏਡੀਜੀਪੀ ਰੋਹਿਤ ਚੌਧਰੀ ਨੂੰ ਸੌਂਪਿਆ ਗਿਆ ਹੈ। ਕੈਪਟਨ ਨੇ ਇਸ ਸਬੰਧੀ ਰਿਪੋਰਟ ਤਿੰਨ ਦਿਨਾਂ ਅੰਦਰ ਮੰਗੀ ਹੈ। ਦੱਸ ਦਈਏ ਕਿ ਸੂਬੇ ‘ਚ ਪੁਲਸ ਚੌਕਸੀ ਵਧਾ ਦਿੱਤੀ ਗਈ ਹੈ ਤੇ ਸੂਬੇ ‘ਚ ਸ਼ਾਂਤੀ ਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।