ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਵਿਖੇ ਕੁੜੀ ਨੇ ਮੁੰਡੇ ਨੂੰ ਰਾਡ ਨਾਲ ਕੁੱਟਿਆ

ਸਰੇਆਮ ਨੌਜਵਾਨ ਉਤੇ ਰਾਡ ਨਾਲ ਹਮਲਾ ਕਰਦੀ ਲੜਕੀ ਦੇ ਫੋਟੋ
ਚੰਡੀਗੜ੍ਹ: ਸ਼ਹਿਰ ਦੇ ਅੰਬਾਲਾ ਰੋਡ ਉਤੇ ਪੈਂਦੇ ਟ੍ਰਿਬਿਊਨ ਚੌਕ ਇਲਾਕੇ ਨੇੜੇ ਸਰੇਆਮ ਇਕ ਲੜਕੀ ਵੱਲੋ ਇਕ ਨੌਜਵਾਨ ਨੂੰ ਰਾਡ ਨਾਲ ਬੁਰੀ ਤਰਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਈ ਹੈ। ਪੁਲਿਸ ਨੇ ਦੋਵਾਂ ਦੇ ਵਾਹਨ ਜ਼ਬਤ ਕਰਕੇ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮੁਹਾਲੀ ਦੇ ਫੇਜ਼ 10 ਦੀ ਰਹਿਣ ਵਾਲੀ 25 ਸਾਲਾ ਸ਼ੀਤਲ ਸ਼ਰਮਾ ਨਾਂ ਦੀ ਕੁੜੀ ਮੰਗਲਵਾਰ ਬਾਅਦ ਦੁਪਹਿਰ ਟ੍ਰਿਬਿਊਨ ਚੌਕ ਦੀ ਸਲਿੱਪ ਰੋਡ ’ਤੇ ਆਪਣੀ ਮਾਰੂਤੀ (ਐੱਸ ਐਕਸ-4) ਕਾਰ ਨੂੰ ਪਿੱਛੇ ਕਰ ਰਹੀ ਸੀ। ਇਸੇ ਦੌਰਾਨ ਉਸ ਦੀ ਕਾਰ ਪਿੱਛੇ ਸੈਂਟਰੋ ਗੱਡੀ ਵਿੱਚ ਆ ਰਹੇ ਨਿਤੀਸ਼ ਕੁਮਾਰ (26) ਵਾਸੀ ਚੰਡੀਗੜ੍ਹ ਨਾਲ ਟੱਕਰ ਹੁੰਦੇ ਹੁੰਦੇ ਬਚ ਗਈ ਲੇਕਿਨ ਬਾਵਜੂਦ ਨਿਤੀਸ਼ ਕੁਮਾਰ ਦੀ ਸ਼ੀਤਲ ਸ਼ਰਮਾ ਨਾਲ ਬਹਿਸ ਹੋ ਗਈ ਤੇ ਛੇਤੀ ਹੀ ਇਸ ਬਹਿਸ ਨੇ ਹਿੰਸਕ ਰੂਪ ਧਾਰ ਲਿਆ।
ਸ਼ੀਤਲ ਸ਼ਰਮਾ ਨੇ ਗੁੱਸੇ ਵਿੱਚ ਆ ਕੇ ਆਪਣੀ ਕਾਰ ’ਚੋਂ ਰਾਡ ਕੱਢੀ ਦੇ ਨਿਤੀਸ਼ ਕੁਮਾਰ ਨੂੰ ਮਾਰ ਦਿੱਤੀ। ਹਮਲੇ ਕਾਰਨ ਨਿਤੀਸ਼ ਕੁਮਾਰ ਜ਼ਖ਼ਮੀ ਹੋ ਗਿਆ। ਉਸ ਨੂੰ ਮੈਡੀਕਲ ਸਹਾਇਤਾ ਲਈ ਸੈਕਟਰ-32 ਦੇ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਉਸ ਦੇ ਬਿਆਨ ਦਰਜ ਕਰ ਲਏ ਹਨ। ਇਸੇ ਦੌਰਾਨ ਸੈਕਟਰ-32 ਦੇ ਹਸਪਤਾਲ ਵਿੱਚ ਲੜਕੀ ਦਾ ਵੀ ਮੈਡੀਕਲ ਕਰਵਾਇਆ ਗਿਆ। ਪੁਲੀਸ ਨੇ ਦੋਵੇਂ ਵਾਹਨ ਜ਼ਬਤ ਕਰ ਲਏ ਹਨ। ਪੁਲਿਸ ਨੇ ਲੜਕੀ ਖ਼ਿਲਾਫ਼ ਧਾਰਾ 289, 336, 308 ਤੇ 506 ਤਹਿਤ ਕੇਸ ਦਰਜ ਕਰ ਲਿਆ ਹੈ।