ਬੇਰੁਗਾਰੀ ਤੋਂ ਤੰਗ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਮਿਰਤਕ ਦੀ ਫਾਈਲ ਫੋਟੋ
ਜਗਦੀਸ਼ ਸਿੰਘ ਕੁਰਾਲੀ: ਬੇਰੁਜ਼ਗਾਰੀ ਨੇ ਪੰਜਾਬ ਦੇ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਚੱਕ ਭਾਈਕੇ ਦਲਿਤ ਬਾਬੂ ਸਿੰਘ ਅਤੇ ਮਾਤਾ ਅਮਰਜੀਤ ਕੌਰ ਦਾ ਲਾਡਲਾ ਜਗਸੀਰ ਆਖਰ ਜੱਗ ਵਿਚੋਂ ਸੀਰ ਮੁਕਾ ਕੇ ਰਵਾਂ ਹੋ ਗਿਆ। ਤਿੰਨ ਭੈਣਾਂ ਅਤੇ ਦੋ ਭਰਾਵਾਂ ਦਾ ਵੀਰ ਲੰਬੇ ਸਮੇਂ ਤੋਂ ਯੋਗਤਾ ਅਨੁਸਾਰ ਰੁਜ਼ਗਾਰ ਦੀ ਦੌੜ ਵਿੱਚ ਸ਼ਾਮਲ ਸੀ।ਦਸਵੀਂ, ਬਾਰ੍ਹਵੀਂ, ਗ੍ਰੈਜ਼ੂਏਸ਼ਨ, ਪੋਸਟ ਗ੍ਰੈਜੂਏਸ਼ਨ, ਬੀ ਐੱਡ,ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਅਤੇ ਯੂਜੀਸੀ ਨੈੱਟ ਪਾਸ ਇਸ ਨੌਜਵਾਨ ਨੇ ਦਿਹਾੜੀਆਂ ਕਰ-ਕਰ ਕੇ ਥੱਬਾ ਡਿਗਰੀਆਂ ਦਾ ਇਕੱਠਾ ਕੀਤਾ। ਢੰਗ ਸਿਰ ਦੇ ਰੁਜ਼ਗਾਰ ਲਈ ਭਟਕਦਾ ਰਿਹਾ, ਪਰ ਡਿਗਰੀਆਂ ਨਾਲ ਤੁੰਨਿਆ ਝੋਲਾ ਦੋ ਡੰਗ ਦੀ ਰੋਟੀ ਵੀ ਨਹੀਂ ਦੇ ਸਕਿਆ। ਲਾਚਾਰ, ਬੇਵੱਸ ਜਗਸੀਰ ਦਿਹਾੜੀਆਂ ਕਰਦਾ ਰਿਹਾ। ਦਰ ਦਰ ਠੋਕਰਾਂ ਖਾਂਦਾ ਇਤਿਹਾਸ ਦੀ ਮਾਸਟਰ ਡਿਗਰੀ ਕਰਦਾ ਕਰਦਾ ਅਧਵਾਟੇ ਛੱਡ ਗਿਆ ਤੇ ਆਪਣੇ ਕੋਠੜੇ ਵਿੱਚ ਰੱਸੇ ਨਾਲ ਝੂਟ ਗਿਆ। ਟੈੱਟ ਪਾਸ ਬੇਰੁਜ਼ਗਾਰ ਬੀ ਐੱਡ ਅਧਿਆਪਕ ਯੂਨੀਅਨ ਦਾ ਕਹਿਣਾ ਹੈ ਕਿ ਇਹ ਸਰਕਾਰੀ ਨੀਤੀਆਂ ਵੱਲੋਂ ਕੀਤਾ ਗਿਆ ਕਤਲ ਹੈ।