ਗੁਰੂ ਰਵਿਦਾਸ ਮੰਦਰ ਢਾਹੁਣ ਉਪਰੰਤ ਪੈਦਾ ਹੋਏ ਤਣਾਅ ਨੂੰ ਹੱਲ ਕਰਨ ਲਈ ਯਤਨ ਕਰੇ ਕੇਂਦਰ ਸਰਕਾਰ : ਬੀਬੀ ਗਰਚਾ

ਅੱਜ ਪੰਜਾਬ ਬੰਦ ਦੇ ਸੱਦੇ ਦੌਰਾਨ ਖਰੜ ਵਿਖੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਗੇ ਬੀਬੀ ਗਰਚਾ
ਜਗਦੀਸ਼ ਸਿੰਘ ਕੁਰਾਲੀ: ਸੁਪਰੀਮ ਕੋਰਟ ਦੇ ਹੁਕਮਾਂ ’ਤੇ ਦਿੱਲੀ ਦੇ ਪਿੰਡ ਤੁਗਲਕਾਬਾਦ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਅਤੇ ਸਮਾਧੀ ਨੂੰ ਢਾਹ ਦੇਣ ਨਾਲ ਸਮੁੱਚੇ ਦਲਿਤ ਭਾਈਚਾਰੇ ਵਿਚ ਪੈਦਾ ਹੋਏ ਤਣਾਅ ਨੂੰ ਹੱਲ ਕਰਨ ਕੇਂਦਰ ਸਰਕਾਰ ਨੂੰ ਤੁਰੰਤ ਯਤਨ ਕਰਨੇ ਚਾਹੀਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਬੀਬੀ ਗਰਚਾ ਨੇ ਕਿਹਾ ਕਿ ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਭਲਕੇ 13 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਉਤੇ ਉਹ ਵੀ ਖਰੜ ਵਿਖੇ ਹੋਣ ਵਾਲੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਗੇ।
ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਜੋ ਇਸ ਧਾਰਮਿਕ ਢਾਂਚੇ ਨੂੰ ਢਾਹੁਣ ਦਾ ਕਾਰਨ ਬਣਿਆ ਪਰ ਉਹ ਨਿੱਜੀ ਤੌਰ ’ਤੇ ਇਤਿਹਾਸਕ ਮਹੱਤਤਾ ਵਾਲੇ ਕਿਸੇ ਵੀ ਸਮਾਰਕ ਜਾਂ ਢਾਂਚੇ ਨੂੰ ਢਾਹੁਣ ਦੇ ਹੱਕ ਵਿਚ ਵੀ ਨਹੀਂ ਹਨ ਜਿਸ ਨਾਲ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਦੀ ਹੋਵੇ।
ਬੀਬੀ ਗਰਚਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸੰਵੇਦਨਸ਼ੀਲ ਮੁੱਦੇ ਦੇ ਹੱਲ ਲਈ ਦਖਲ ਦੇਣ ਦੀ ਅਪੀਲ ਕਰਦਿਆਂ ਇਹ ਜਗ੍ਹਾ ਮੁੜ ਅਲਾਟ ਕਰਨ ਦੀ ਮੰਗ ਕੀਤੀ ਤਾਂ ਕਿ ਭਾਈਚਾਰੇ ਵੱਲੋਂ ਸਰੋਵਰ ਸਮੇਤ ਮੰਦਰ ਦਾ ਮੁੜ ਨਿਰਮਾਣ ਕੀਤਾ ਜਾ ਸਕੇ ਜਿਸ ਨੂੰ ਢਾਹ ਦਿੱਤਾ ਗਿਆ ਸੀ। ਇਹ ਜਗ੍ਹਾ ਦਿੱਲੀ ਵਿਕਾਸ ਅਥਾਰਟੀ ਨਾਲ ਸਬੰਧਤ ਹੈ।
ਉਨ੍ਹਾਂ ਕਿਹਾ ਕਿ ਇਸ ਮੰਦਰ ਨੂੰ ਢਾਹੇ ਜਾਣ ਨਾਲ ਨਾ ਸਿਰਫ ਪੰਜਾਬ ਸਗੋਂ ਹੋਰ ਥਾਵਾਂ ’ਚ ਵੀ ਭਾਈਚਾਰੇ ਵਿਚ ਗੰਭੀਰ ਬੇਚੈਨੀ ਪੈਦਾ ਹੋ ਸਕਦੀ ਹੈ। ਇਸ ਕਰਕੇ ਇਸ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਉਣਾ ਜ਼ਰੂਰੀ ਹੈ।
ਇਸ ਮੌਕੇ ਡਾ. ਪਰਮਜੀਤ ਸਿੰਘ, ਪੀਟਰ ਮਸੀਹ, ਜਸਪਾਲ ਸਿੰਘ ਐਸ.ਸੀ. ਸੈੱਲ, ਸਤਵੀਰ ਸਿੰਘ, ਜੈ ਭਗਵਾਨ ਸਿੰਗਲਾ, ਹਰਜੀਤ ਸਿੰਘ ਗੰਜਾ ਆਦਿ ਵੀ ਹਾਜ਼ਰ ਸਨ।