ਆਬਕਾਰੀ ਤੇ ਕਰ ਵਿਭਾਗ ਪੰਜਾਬ ਨੇ ਜੀ.ਐਸ.ਟੀ. ਬੋਗਸ ਬਿਲ ਘਪਲੇ ਦਾ ਪਰਦਾਫਾਸ਼ ਕੀਤਾ

0

ਘਪਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਰ ਅਤੇ ਆਬਕਾਰੀ ਵਿਭਾਗ ਦੇ ਅਫ਼ਸਰ

  • ਜਗਦੀਸ਼ ਸਿੰਘ ਕੁਰਾਲੀ – ਆਬਕਾਰੀ ਤੇ ਕਰ ਵਿਭਾਗ ਪੰਜਾਬ ਨੇ ਕਰੀਬ 60 ਕਰੋੜ ਰੁਪਏ ਦੇ ਬੋਗਸ ਬਿਲਾਂ ਦੇ ਸਹਾਰੇ ਸਰਕਾਰੀ ਖ਼ਜ਼ਾਨੇ ਨੂੰ ਲਗਪਗ 10 ਕਰੋੜ 80 ਲੱਖ ਰੁਪਏ ਦਾ ਚੂਨਾ ਲਾਉਣ ਵਾਲੇ ਇੱਕ ਵੱਡੇ ਜੀ.ਐਸ.ਟੀ. ਬੋਗਸ ਬਿਲ ਘਪਲੇ ਦਾ ਪਰਦਾਫਾਸ਼ ਕੀਤਾ ਘਪਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਰ ਅਤੇ ਆਬਕਾਰੀ ਵਿਭਾਗ ਦੇ ਅਫ਼ਸਰ ਹੈ। ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਵਿਵੇਕ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਬਕਾਰੀ ਤੇ ਕਰ ਵਿਭਾਗ ਪੰਜਾਬਦੀ ਇਨਫੋਰਸਮੈਂਟ ਟੀਮ ਨੇ ਪੁਰਾਣੇ ਟਰੱਕਾਂ ਨੂੰ ਸਕਰੈਪ ਕਰਕੇ ਵੇਚਣ ਵਾਲੀ ਖਨੌਰੀ ਮੰਡੀ ਦੀ ਇਸ ਫਰਮ ਗਣਪਤੀ ਮੋਟਰ ਸਟੋਰ ਦੇ ਮਾਲਕ ਸੁਭਾਸ਼ ਚੰਦਰ ਨੂੰ ਜੀ.ਐਸ.ਟੀ ਐਕਟ ਤਹਿਤ ਗ੍ਰਿਫ਼ਤਾਰ ਵੀ ਕਰ ਲਿਆ ਹੈ, ਜਿਸ ਨੇ ਲੋਹੇ ਅਤੇ ਕਬਾੜ ਦੀਆਂ ਜਾਅਲੀ ਤੇ ਗ਼ਲਤ ਟ੍ਰਾਂਸਜੈਕਸ਼ਨ ਕੀਤੀਆਂ ਹਨ।

ਸਰਕਾਰੀ ਖ਼ਜ਼ਾਨੇ ਨੂੰ ਇਸ ਕਦਰ ਚੂਨਾ ਲਾਉਣ ਵਾਲੇ ਦੀ ਅਜਿਹੀ ਗ੍ਰਿਫ਼ਤਾਰੀ ਪੰਜਾਬ ਵਿੱਚ ਆਪਣੀ ਕਿਸਮ ਦੀ ਦੂਜੀ ਗ੍ਰਿਫ਼ਤਾਰੀ ਹੈ। ਇਹ ਜਾਣਕਾਰੀ ਆਬਕਾਰੀ ਤੇ ਕਰ ਵਿਭਾਗ ਦੇ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਡਾਇਰੈਕਟਰ (ਇੰਨਵੈਸਟੀਗੇਸ਼ਨ) ਸ੍ਰੀਮਤੀ ਨਵਦੀਪ ਕੌਰ ਭਿੰਡਰ ਨੇ ਦਿੱਤੀ। ਉਨ੍ਹਾਂ ਦੇ ਨਾਲ ਸੰਯੁਕਤ ਕਮਿਸ਼ਨਰ ਇਨਫੋਰਸਮੈਂਟ ਸ. ਦਰਬਾਰਾ ਸਿੰਘ, ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਸ. ਵਿਸ਼ਵਦੀਪ ਸਿੰਘ ਭੰਗੂ ਅਤੇ ਸਟੇਟ ਟੈਕਸ ਅਫ਼ਸਰ ਮੇਜਰ ਮਨਮੋਹਨ ਸਿੰਘ ਵੀ ਮੌਜੂਦ ਸਨ।

ਸ੍ਰੀਮਤੀ ਭਿੰਡਰ ਨੇ ਦੱਸਿਆ ਕਿ ਇਹ ਫਰਮ ਅਜਿਹੇ ਬੋਗਸ ਬਿਲਾਂ ਦੇ ਸਹਾਰੇ ਟੈਕਸ ਬਚਾਉਣ ਦੇ ਕਾਲੇ ਕਾਰਨਾਮੇ ‘ਚ ਲੰਮੇ ਸਮੇਂ ਤੋਂ ਲਿਪਤ ਸੀ ਅਤੇ ਵਿਭਾਗ ਨੇ ਇਸਦਾ 2017 ਤੋਂ ਡਾਟਾ ਇਕੱਤਰ ਕੀਤਾ ਹੈ। ਇਸ ਫਰਮ ਵਲੋਂ ਪੁਰਾਣੇ ਟਰੱਕਾਂ ਨੂੰ ਖਰੀਦ ਕੇ ਉਨ੍ਹਾਂ ਦੀ ਸਕਰੈਪ ਬਣਾ ਕੇ ਮੰਡੀ ਗੋਬਿੰਦਗੜ੍ਹ ਦੀਆਂ 5 ਫਰਮਾਂ ਨੂੰ ਵੇਚਿਆ ਜਾਂਦਾ ਸੀ ਤੇ ਦਿੱਲੀ ਤੋਂ ਮਾਲ ਦੀ ਬਜਾਇ ਕੇਵਲ ਬੋਗਸ ਬਿੱਲ ਹੀ ਆ ਰਹੇ ਸਨ। ਇਸ ਫਰਮ ਨੇ ਫਰਜੀ ਬਿਲਾਂ ਨਾਲ ਦਿੱਲੀ ਤੋਂ 60 ਕਰੋੜ ਰੁਪਏ ਦੀ ਸਕਰੈਪ ਦੀ ਖਰੀਦ ਕੀਤੀ ਦਿਖਾਈ ਅਤੇ ਅੱਗੇ 10.8 ਕਰੋੜ ਰੁਪਏ ਦੀ ਫਰਜੀ ਟੈਕਸ ਕ੍ਰੈਡਿਟ ਦਿਖਾਈ ਅਤੇ ਅੱਗੇ ਪੰਜਾਬ ਦੇ ਹੋਰ ਡੀਲਰਾਂ ਨੂੰ ਵੀ ਫਰਜ਼ੀ ਕ੍ਰੈਡਿਟ ਜਾਰੀ ਕਰ ਦਿੱਤਾ ਜਾਂਦਾ ਸੀ।

ਵਧੀਕ ਕਮਿਸ਼ਨਰ ਇਨਵੈਸਟੀਗੇਸ਼ਨ ਪੰਜਾਬ ਨੇ ਦੱਸਿਆ ਕਿ ਲੋਹੇ ਅਤੇ ਕਬਾੜ ਦੀਆਂ ਜਾਅਲੀ ਤੇ ਗ਼ਲਤ ਟ੍ਰਾਂਸਜੈਕਸ਼ਨ ਕੀਤੀਆ ਗਈਆਂ ਸਨ। ਈ-ਵੇਅ ਬਿਲ ਪੋਰਟਲ ਅਨੁਸਾਰ ਫਰਮ ਵੱਲੋਂ ਕੁੱਲ 945 ਗੱਡੀਆਂ ਦਿੱਲੀ ਤੋਂ ਖਨੌਰੀ ਮੰਡੀ ਲੋਹੇ ਕਬਾੜ ਨੂੰ ਟਰਾਂਸਪੋਰਟ ਕੀਤੀਆਂ ਦਿਖਾਈਆਂ ਗਈਆਂ ਜਦਕਿ ਪੜਤਾਲ ‘ਚ ਸਿਰਫ 67 ਗੱਡੀਆਂ ਹੀ ਟੋਲ ਪਲਾਜਾ ਇਰਾ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਟੌਲ ਪਲਾਜਾ ਰੋਹਤਕ ਹਰਿਆਣਾ ਤੋਂ ਪਾਸ ਕੀਤੀਆਂ ਸਾਹਮਣੇ ਆਈਆਂ। ਇਨ੍ਹਾਂ 67 ਗੱਡੀਆਂ ਦੀ ਪੜ੍ਹਤਾਲ ਸਟੇਟ ਟੈਕਸ ਅਫ਼ਸਰ ਮੇਜਰ ਮਨਮੋਹਨ ਸਿੰਘ ਵੱਲੋਂ ਕਰਨ ‘ਤੇ ਪਤਾ ਚੱਲਿਆ ਕਿ ਇਹ ਗੱਡੀਆਂ ਟੋਲ ਪਲਾਜਾ ਤੋਂ ਪਾਸ ਨਹੀਂ ਹੋਈਆਂ ਅਤੇ ਸਿਰਫ ਜਾਅਲੀ ਟੋਲ ਪਲਾਜਾ ਰਸੀਦਾਂ ਹੀ ਜਾਰੀ ਕੀਤੀਆਂ ਗਈਆਂ ਸਨ ਜਿਸ ਸਬੰਧੀਂ ਵੱਖਰੀ ਜਾਂਚ ਕੀਤੀ ਜਾ ਰਹੀ ਹੈ।

ਸ੍ਰੀਮਤੀ ਭਿੰਡਰ ਨੇ ਦੱਸਿਆ ਕਿ ਇਸ ਮਾਮਲੇ ‘ਚ ਦਿਲਚਸਪ ਤੱਥ ਇਹ ਹੈ ਕਿ ਇਸ ਫਰਮ ਨੇ ਅਜਿਹਾ ਲੋਹਾ ਸਕਰੈਪ ਕੀਤਾ ਦਿਖਾਇਆ ਜਿਹੜਾ ਕਿ ਅਸਲ ਵਿੱਚ ਮੋਟਰ ਸਾਇਕਲ ਤੇ ਸਕੂਟਰ ਹੀ ਸਨ। ਇਸ ਤਰ੍ਹਾਂ ਫਰਮ ਵੱਲੋਂ ਗਲਤ ਇਨਪੁੱਟ ਟੈਕਸ ਕਰੈਡਿਟ ਕਰਕੇ ਪੰਜਾਬ ਰਾਜ ਦੀਆਂ ਹੋਰ ਫਰਮਾਂ ਨੂੰ ਪਾਸ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਰ ਵਿਭਾਗ ਵੱਲੋਂ ਜੀ.ਐਸ.ਟੀ. ਚੋਰੀ ਸਬੰਧੀਂ ਖਨੌਰੀ ਮੰਡੀ ਦੀਆਂ ਹੋਰ ਸ਼ੱਕੀ ਫਰਮਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਜੀ.ਐਸ.ਟੀ. ਨਿਲ ਭਰਵਾਇਆ ਹੈ।

ਸ੍ਰੀਮਤੀ ਨਵਦੀਪ ਕੌਰ ਭਿੰਡਰ ਨੇ ਬੋਗਸ ਬਿਲਿੰਗ ਜਰੀਏ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ ਕਾਰੋਬਾਰੀਆਂ ਨੂੰ ਤਾੜਨਾ ਦਿੱਤੀ ਕਿ ਅਜਿਹੇ ਅਨਸਰਾਂ ਨਾਲ ਭਵਿੱਖ ‘ਚ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਤੇ ਇਸ ਸਬੰਧੀਂ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਹੋਰ ਦੋਸ਼ੀ ਦੇ ਸਾਹਮਣੇ ਆਉਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਕਸਾਇਜ ਇੰਸਪੈਕਟਰ ਸ੍ਰੀ ਪਿਯੂਸ਼ ਸਿੰਗਲਾ ਤੇ ਸਤਪਾਲ ਸਿੰਘ ਵੀ ਮੌਜੂਦ ਸਨ।

About Author

Leave a Reply

Your email address will not be published. Required fields are marked *

You may have missed