ਸਵੱਛ ਅਭਿਆਨ ਤਹਿਤ ਸਫਾਈ ਰੱਖਣ ਵਾਲੇ ਅਦਾਰਿਆਂ ਨੂੰ ਸਨਮਾਨਿਤ ਕੀਤਾ

ਸਵਛਤਾ ਅਭਿਆਨ ਵਿੱਚ ਜੇਤੂ ਸਕੂਲ ਨੂੰ ਇਨਾਮ ਦਿੰਦੇ ਹੋਏ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਕੌਂਸਲ ਦੇ ਕੌਂਸਲਰ
ਜਗਦੀਸ਼ ਸਿੰਘ ਕੁਰਾਲੀ: ਅੱਜ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਅਭਿਆਨ ਵਿੱਚ ਭਾਗ ਲੈਣ ਵਾਲੇ ਸਕੂਲ, ਬੈਂਕ ਅਤੇ ਰੈਸਟੋਰੈਂਟਾਂ ਨੂੰ ਸਨਮਾਨਿਤ ਕੀਤਾ ਗਿਆ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰਿੰਦਰ ਜੈਨ, ਪ੍ਰਧਾਨ ਕਿ੍ਰਸ਼ਨਾ ਦੇਵੀ,ਮੀਤ ਪ੍ਰਧਾਨ ਦਵਿੰਦਰ ਠਾਕੁਰ ਦੀ ਅਗਵਾਈ ਵਿੱਚ ਇੱਕ ਸਮਾਰੋਹ ਨਗਰ ਕੌਂਸਲ ਵਿੱਚ ਹੋਇਆ। ਇਸ ਸਮਾਰੋਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੈਨੇਟਰੀ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਮੈਡਮ ਨੀਤੂ ਢਿੱਲੋਂ ਸੀ ਐਫ ਨੇ ਕਿਹਾ ਕਿ ਬੀਤੇ ਕੁੱਝ ਦਿਨ ਪਹਿਲਾਂ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਅਭਿਆਨ ਚਲਾਇਆ ਗਿਆ ਸੀ ਜਿਸ ਵਿੱਚ ਲੋਕਾਂ ਨੂੰ ਪਲਾਸਟਿਕ ਪਾਲੀਥਿਨ ਦੇ ਪ੍ਰਯੋਗ ਤੋਂ ਹੋਣ ਵਾਲੇ ਨੁਕਸਾਨ ਅਤੇ ਇਸਦਾ ਪ੍ਰਯੋਗ ਨਾਂ ਕਰਨ ਤੇ ਜ਼ੋਰ ਦਿੱਤਾ ਗਿਆ ਅਤੇ ਇਸ ਅਭਿਆਨ ਵਿੱਚ ਸ਼ਹਿਰ ਦੇ 13 ਸਕੂਲ , 7 ਹੋਟਲ ਅਤੇ 6 ਬੈਂਕਾਂ ਨੇ ਭਾਗ ਲਿਆ ਅਤੇ ਅੱਜ ਇਸ ਸਮਾਰੋਹ ਵਿੱਚ ਸਫ਼ਾਈ ਪੱਖੋਂ ਅਵੱਲ ਰਹਿਣ ਵਾਲੇ ਅਦਾਰਿਆਂ ਨੂੰ ਨਗਰ ਕੌਂਸਲ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਫਾਈ ਅਭਿਆਨ ਵਿੱਚ ਚਕਵਾਲ ਨੈਸ਼ਨਲ ਸਕੂਲ ਨੇ ਪਹਿਲਾ, ਇੰਟਰ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਨੂੰ ਦੂਜਾ , ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਨੂੰ ਤੀਜਾ ਸਥਾਨ ਮਿਲਿਆ। ਉਸੇ ਤਰ੍ਹਾਂ ਹੋਟਲਾਂ ਦੀ ਕੈਟਾਗਰੀ ਵਿੱਚ ਗਰੈਂਡ ਪਲਾਜ਼ਾ ਹੋਟਲ ਨੇ ਪਹਿਲਾ,ਮਹਿਕ ਹੋਟਲ ਨੇ ਦੂਜਾ ਤੇ ਕਰੈਜੀ ਟੇਸਟ ਰੈਸਟੋਰੈਂਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮਾਰੋਹ ਵਿੱਚ ਸਿਟੀਜ਼ਨ ਅਰਬਨ ਬੈਂਕ ਨੇ ਪਹਿਲਾ , ਓਰਿਏੰਟਲ ਬੈਂਕ ਆਫ਼ ਕਾਮਰਸ ਨੇ ਦੂਜਾ ਅਤੇ ਸਟੇਟ ਬੈਂਕ ਆਫ਼ ਇੰਡਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਈ ਓ ਵਰਿੰਦਰ ਜੈਨ ਨੇ ਕਿਹਾ ਕਿ ਸਫਾਈ ਅਭਿਆਨ ਨੂੰ ਸਫਲ ਬਣਾਉਣ ਲਈ ਹਰ ਸ਼ਹਿਰ ਨਿਵਾਸੀ ਨੂੰ ਸਾਥ ਦੇਣਾ ਪਵੇਗਾ ਤਾਂਹੀਓਂ ਸ਼ਹਿਰ ਸਵੱਛ ਬਣੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸ਼ਹਿਰ ਸਵੱਛ ਹੋਵੇਗਾ ਤਾਂ ਸਾਡੇ ਬੱਚੇ ਅਤੇ ਪਰਿਵਾਰ ਨਿਰੋਗ ਰਹਿ ਸਕਣਗੇ। ਇਸ ਸਮਾਰੋਹ ਵਿੱਚ ਕੌਂਸਲਰ ਸ਼ਿਵ ਵਰਮਾ, ਕੌਂਸਲਰ ਵਨੀਤ ਕਾਲੀਆ,ਕੌਂਸਲਰ ਕੁਲਵੰਤ ਕੌਰ ਪਾਬਲਾ ਸਮੇਤ ਹੋਰ ਵੀ ਕਈ ਸਮਾਜਸੇਵੀਆਂ ਨੇ ਹਿੱਸਾ ਲਿਆ।