ਹੜ੍ਹ ਪੀੜਤਾਂ ਦੀ ਮੱਦਦ ਲਈ ਰਾਹਤ ਸਮੱਗਰੀ ਦਾ ਟੱਰਕ ਰਵਾਨਾ ਕੀਤਾ

ਰਾਹਤ ਸਮੱਗਰੀ ਦੇ ਟੱਰਕ ਨੂੰ ਰਵਾਨਾ ਕਰਨ ਸਮੇਂ ਮਹਿਲਾ ਵਿੰਗ ਦੀਆਂ ਮੈਂਬਰਾਂ।
ਜਗਦੀਸ਼ ਸਿੰਘ ਕੁਰਾਲੀ : ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਇਸਤਰੀ ਵਿੰਗ ਦੀ ਪ੍ਰਧਾਨ ਸੀਮਾ ਧੀਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਭਰਿਆ ਟਰੱਕ ਰਵਾਨਾ ਕੀਤਾ ਗਿਆ। ਇਸ ਸਮੱਗਰੀ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਇੱਕ ਜੱਥਾ ਵੀ ਟਰੱਕ ਦੇ ਨਾਲ ਗਿਆ ਹੈ। ਇਸ ਮੌਕੇ ਮਹਿਲਾ ਵਿੰਗ ਦੀ ਪ੍ਰਧਾਨ ਸੀਮਾ ਧੀਮਾਨ ਨੇ ਕਿਹਾ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ੍ਹ ਆਉਣ ਕਰਕੇ ਲੋਕਾਂ ਦੇ ਘਰ ਅਤੇ ਫਸਲਾਂ ਬਰਬਾਦ ਹੋ ਗਏ ਹਨ। ਜਿਸ ਕਾਰਨ ਉਨ੍ਹਾਂ ਦੀ ਜਿੰਦਗੀ ਦੀ ਗੱਡੀ ਪਟੜੀ ਤੋਂ ਲਹਿ ਗਈ ਹੈ। ਅਜਿਹੇ ਔਖੇ ਸਮੇਂ ਵਿੱਚ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਹੜ੍ਹਾਂ ਦੀ ਮਾਰ ਹੇਠਾਂ ਆਏ ਲੋਕਾਂ ਦੀ ਸਹਾਇਤਾ ਲਈ ਅੱਗੇ ਆਈਏ ਕਿਉਂਕਿ ਮਨੁੱਖਤਾ ਦੀ ਸੇਵਾ ਹੀ ਅਸਲ ਸੇਵਾ ਹੈ। ਉਨ੍ਹਾਂ ਦੱਸਿਆ ਕਿ ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਮਹਿਲਾ ਵਿੰਗ ਵੱਲੋਂ ਹੜ੍ਹ ਪੀੜਤਾਂ ਲਈ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਰੋਜਾਨਾ ਜਰੂਰਤ ਦੀਆਂ ਚੀਜ਼ਾਂ ਵੀ ਭੇਜੀਆਂ ਗਈਆਂ ਹਨ ਤਾਂਕਿ ਹੜ੍ਹ ਦੇ ਸਤਾਏ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਮੌਕੇ ਸੀਮਾ ਧੀਮਾਨ ਨੇ ਰਾਮਗੜੀਆ ਅਕਾਲ ਜਥੇਬੰਦੀ ਜਿਲਾ ਮੋਹਾਲੀ ਦੇ ਪ੍ਰਧਾਨ ਸਤਨਾਮ ਧੀਮਾਨ ,ਸ੍ਰੀ ਵਿਨੋਦ ਧੀਮਾਨ, ਯੂਥ ਆਗੂ ਹਿਮਾਂਸ਼ੂ ਧੀਮਾਨ, ਹੈਪੀ ਧੀਮਾਨ,ਹਰਪ੍ਰੀਤ ਧੀਮਾਨ ਤੇ ਇਲਾਕਾ ਵਾਸੀਆਂ ਦੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।