ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਤਿੰਨ ਅਕਤੂਬਰ ਨੂੰ ਕੀਤਾ ਜਾਵੇਗਾ ਐਸ.ਡੀ.ਐਮ ਦਫ਼ਤਰ ਅੱਗੇ ਰੋਸ ਮੁਜ਼ਾਹਰਾ

ਆਂਗਣਵਾੜੀ ਵਰਕਰ ਮੀਟਿੰਗ ਕਰਦੇ ਹੋਏ

ਜਗਦੀਸ਼ ਸਿੰਘ ਕੁਰਾਲੀ : ਸਥਾਨਕ ਸ਼ਹਿਰ ਵਿੱਚ ਪੰਜਾਬ ਆਂਗਨਵਾੜੀ ਯੂਨੀਅਨ ਦੀ ਮੀਟਿੰਗ ਬਲਜੀਤ ਕੌਰ ਰਕੌਲੀ ਦੀ ਅਗਵਾਈ ਵਿੱਚ ਹੋਈ।ਇਸ ਮੌਕੇ ਬਲਜੀਤ ਕੌਰ ਰਕੌਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਯੂਨੀਅਨ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਤਿੰਨ ਅਕਤੂਬਰ ਨੂੰ ਐਸ.ਡੀ.ਐਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਉੱਚ ਅਧਿਕਾਰੀਆਂ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਮ ਭੇਜਿਆ ਜਾਵੇਗਾ। ਯੂਨੀਅਨ ਦੀ ਆਗੂ ਰਜਵੰਤ ਕੌਰ ਮਾਜਰਾ ਬਲਾਕ ਪ੍ਰਧਾਨ ਖਰੜ ਕਮਲਜੀਤ ਕੌਰ ਕੰਸਾਲਾ ਨੇ ਦੱਸਿਆ ਕਿ ਸੂਬੇ ਵਿੱਚ ਜਿੰਨਾ ਚਾਰ ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਸਾਰੇ ਹਲਕਿਆਂ ਵਿੱਚ ਜਥੇਬੰਦੀ ਵੱਲੋਂ ਵੱਡੀਆਂ ਵੱਡੀਆਂ ਰੋਸ ਰੈਲੀਆਂ ਕਰਕੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਸਬੰਧੀ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 11 ਮਹੀਨੇ ਪਹਿਲਾਂ ਕੇਂਦਰ ਸਰਕਾਰ ਨੇ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਕ੍ਰਮਵਾਰ 1500 ਰੁਪਏ ਅਤੇ 750 ਰੁਪਏ ਦਾ ਵਾਧਾ ਕੀਤਾ ਸੀ।ਪਰ ਪੰਜਾਬ ਸਰਕਾਰ ਨੇ 1500 ਰੁਪਏ ਦੀ ਜਗ੍ਹਾ 900 ਅਤੇ 750 ਦੀ ਜਗ੍ਹਾ 450 ਰੁਪਏ ਦਾ ਹੀ ਵਾਧਾ ਕੀਤਾ ਅਤੇ ਬਾਕੀ ਦੇ ਪੈਸੇ ਸਰਕਾਰ ਨੱਪੀ ਬੈਠੀ ਹੈ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਨੂੰ ਵਾਰ ਵਾਰ ਕਹਿਣ ਤੇ ਵੀ ਪਿਛਲੇ ਦੋ ਸਾਲਾਂ ਤੋਂ ਪੋਸ਼ਣ ਅਭਿਆਨ ਦੇ ਪੈਸੇ ਵਰਕਰਾਂ ਅਤੇ ਹੈਲਪਰਾਂ ਨੂੰ ਨਹੀਂ ਦਿੱਤੇ ਜਾ ਰਹੇ।ਇਸ ਦੇ ਨਾਲ ਹੀ ਕਈ ਹੋਰ ਕੰਮਾਂ ਦੇ ਪੈਸੇ ਵੀ ਸਰਕਾਰ ਰੋਕੀ ਬੈਠੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਾਰਨ ਹੀ ਜਥੇਬੰਦੀ ਨੂੰ ਸੜਕਾਂ ਤੇ ਆਉਣਾ ਪਿਆ ਹੈ।ਇਸ ਮੌਕੇ ਉਨ੍ਹਾਂ ਸਮੂਹ ਵਰਕਰਾਂ ਅਤੇ ਹੈਲਪਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਚੜ੍ਹ ਕੇ ਇਸ ਸੰਘਰਸ਼ ਵਿੱਚ ਹਿੱਸਾ ਲਿਆ ਜਾਵੇ ਤਾਂ ਜੋ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਈਆਂ ਜਾ ਸਕਣ।ਇਸ ਮੌਕੇ ਹੀਨਾ ਕੁਰਾਲੀ, ਸੁਰਿੰਦਰ ਕੌਰ, ਮਨਜੀਤ ਕੌਰ, ਨੀਸ਼ਾ ਕੁਰਾਲੀ, ਨੀਤੂ ਜਕੜਮਾਜਰਾ, ਰਾਜਕੁਮਾਰੀ, ਸ਼ਿੰਦਰ ਕੌਰ, ਸੁਨੀਤਾ ਸਮੇਤ ਹੋਰ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *