ਐਸ.ਜੀ.ਪੀ.ਸੀ. ਅਤੇ ਪੰਜਾਬ ਸਰਕਾਰ ਕੇਜਰੀਵਾਲ ਸਰਕਾਰ ਦੀ ਤਰਜ ਤੇ ਸ਼ਰਧਾਲੂਆਂ ਦਾ ਖਰਚਾ ਖ਼ੁਦ ਚੁੱਕੇ: ਅਮਨ ਅਰੋੜਾ

0

ਅਮਨ ਅਰੋੜਾ

ਜਗਦੀਸ਼ ਸਿੰਘ ਕੁਰਾਲੀ: ਸ੍ਰੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਵਿਚ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਦਰਸ਼ਨਾਂ ਵਾਸਤੇ ਜਾਣ ਵਾਲੇ ਸ਼ਰਧਾਲੂਆਂ ਲਈ ਜੋ ਸਹੂਲਤਾਂ ਐਲਾਨੀਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ।ਹੁਣ ਪੰਜਾਬ ਵਿਚਲੀ ਕਾਂਗਰਸ ਸਰਕਾਰ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸਟੇਜਾਂ ਉਤੇ ਬੈਠਣ ਦੀ ਲੜਾਈ ਅਤੇ ਆਪਸੀ ਦੂਸ਼ਣਬਾਜੀ ਛੱਡ ਕੇ ਕੇਜਰੀਵਾਲ ਸਰਕਾਰ ਦੀ ਰੀਸ ਕਰਨ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ।ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਵਿਧਾਇਕ ਸ੍ਰੀ ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਵਿਧਾਇਕ ਸ੍ਰੀ ਅਮਨ ਅਰੋੜਾ ਨੇ ਦੱਸਿਆ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਐਲਾਨ ਕੀਤਾ ਹੈ ਕਿ ਦਿੱਲੀ ਦਾ ਵਸਨੀਕ ਜਿਹੜਾ ਵੀ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦਾ ਹੈ ਉਸ ਦੇ ਆਉਣ ਜਾਣ ਦਾ ਪੂਰਾ ਖਰਚ ਅਤੇ ਪਾਕਿਸਤਾਨ ਸਰਕਾਰ ਵੱਲੋਂ ਰੱਖੇ ਗਏ 20 ਡਾਲਰ ਫੀਸ ਵੀ ਕੇਜਰੀਵਾਲ ਸਰਕਾਰ ਵੱਲੋਂ ਅਦਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੇ ਬਾਬਾ ਨਾਨਕ ਦੀ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਰੱਖੀ ਹੈ ਅਤੇ ਇਨ੍ਹਾਂ ਵਿਚ ਇਸ ਗੱਲ ਦਾ ਹੀ ਏਕਾ ਨਹੀਂ ਹੋ ਰਿਹਾ ਕਿ ਪ੍ਰੋਗਰਾਮ ਵਿਚ ਸਟੇਜ ਉਤੇ ਕੌਣ ਬੈਠੇਗਾ ਅਤੇ ਕੌਣ ਬੋਲੇਗਾ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਗੂਆਂ ਦੀਆਂ ਬਿਆਨਬਾਜ਼ੀਆਂ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਬਿਆਨਬਾਜ਼ੀਆਂ ਬਾਬਾ ਨਾਨਕ ਦੇ ‘ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ’ ਵਾਲੇ ਫਲਸਫ਼ੇ ਤੋਂ ਕੋਹਾਂ ਦੂਰ ਹਨ।ਵਿਧਾਇਕ ਸ੍ਰੀ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਆਪਣੀ ਹਉਮੈ ਨੂੰ ਤਿਆਗ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਉਤੇ ਖ਼ਰੇ ਉਤਰਨ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਲੀਹ ’ਤੇ ਚੱਲਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂਆਂ ਦਾ ਸਾਰਾ ਖਰਚ ਖ਼ੁਦ ਚੁੱਕ ਕੇ ਦਰਸ਼ਨ ਕਰਵਾਉਣ।

About Author

Leave a Reply

Your email address will not be published. Required fields are marked *

You may have missed