ਏਸ਼ੀਆਈ ਖੇਡਾਂ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਦਾ ਕੀਤਾ ਸਨਮਾਨ

ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕਰਦੇ ਹੋਏ ਬੀਬਾ ਕਮਲਜੀਤ ਕੌਰ ਮੁੱਖ ਪ੍ਰਬੰਧਕ ਗੁਰਦੁਆਰਾ ਸੋਲਖੀਆਂ।
ਜਗਦੀਸ਼ ਸਿੰਘ ਕੁਰਾਲੀ : ਬੀਤੇ ਦਿਨੀਂ ਦੋਹਾ ਕਤਰ ਵਿਖੇ ਏਸ਼ਿਆਈ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਭਾਗ ਲੈਂਦਿਆਂ ਰੋਪੜ ਜ਼ਿਲ੍ਹੇ ਵਿੱਚ ਪੈਂਦੇ ਗੌਰਮਿੰਟ ਸਕੂਲ ਝੱਲੀਆਂ ਕਲਾਂ ਦੀਆਂ ਦੋ ਖਿਡਾਰਨਾਂ ਨੇ ਵਧੀਆ ਪ੍ਰਦਰਸ਼ਨ ਕਰ ਦੇਸ਼ ਦਾ ਨਾਮ ਉੱਚਾ ਕੀਤਾ। ਜਿਨ੍ਹਾਂ ਦੇ ਸਨਮਾਨ ਲਈ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਸੋਲਖੀਆਂ ਵਿਖੇ ਇੱਕ ਸਮਾਗਮ ਰੱਖਿਆ ਗਿਆ।ਇਸ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬੀਬਾ ਕਮਲਜੀਤ ਕੌਰ ਨੇ ਦੋਵਾਂ ਖਿਡਾਰਨਾਂ ਨੂੰ ਮੁਬਾਰਕਾਂ ਦਿੰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ।ਇਸ ਮੌਕੇ ਬੋਲਦਿਆਂ ਬੀਬਾ ਕਮਲਜੀਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ।ਉਹ ਹਰ ਖੇਤਰ ਵਿੱਚ ਆਪਣੀ ਯੋਗਤਾ ਨਾਲ ਬੁਲੰਦੀਆਂ ਨੂੰ ਛੂਹ ਰਹੀਆਂ ਹਨ ਅਤੇ ਆਪਣੀ ਵੱਖਰੀ ਪਹਿਚਾਣ ਬਣਾ ਆਪਣੇ ਮਾਂ ਪਿਓ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਗੌਰਮਿੰਟ ਸਕੂਲ ਝੱਲੀਆਂ ਕਲਾਂ ਤੋਂ ਦੋ ਖਿਡਾਰਨਾਂ ਖੁਸ਼ੀ ਸੈਣੀ ਅਤੇ ਜੈਸਮੀਨ ਕੌਰ ਨੇ ਏਸ਼ੀਅਨ ਖੇਡਾਂ ਦੋਹਾ ਕਤਰ ਵਿਖੇ ਹਿੱਸਾ ਲਿਆ ਅਤੇ ਜਿਸ ਵਿੱਚ ਖ਼ੁਸ਼ੀ ਸੈਣੀ ਵੱਲੋਂ 10 ਮੀਟਰ ਏਅਰ ਰਾਈਫਲ ਵਿੱਚ ਪਿੱਤਲ ਦਾ ਤਗਮਾ ਅਤੇ ਟੀਮ ਵਿੱਚ ਖੇਡਦਿਆਂ ਚਾਂਦੀ ਦਾ ਤਗਮਾ ਜਿੱਤਿਆ ਇਸੇ ਤਰ੍ਹਾਂ ਦੂਜੀ ਖਿਡਾਰਨ ਜੈਸਮੀਨ ਕੌਰ ਵੱਲੋਂ 10 ਮੀਟਰ ਏਅਰ ਰਾਈਫਲ ਵਿੱਚ ਸੋਨ ਤਗ਼ਮਾ ਅਤੇ ਟੀਮ ਵਿੱਚ ਖੇਡਦਿਆਂ ਪਿੱਤਲ ਦਾ ਤਗਮਾ ਜਿੱਤਿਆ।ਇਸ ਮੌਕੇ ਬਾਬਾ ਨਿਰਭੈ ਸਿੰਘ ਖਾਲਸਾ ਨੇ ਲੋਕਾਂ ਨੂੰ ਭਰੂਣ ਹੱਤਿਆ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਉਪਦੇਸ਼ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ“ ਉਤੇ ਪਹਿਰਾ ਦੇਣਾ ਚਾਹੀਦਾ ਹੈ।ਇਸ ਮੌਕੇ ਉਤੇ ਕੋਚ ਨਰਿੰਦਰ ਬੰਗ, ਜਗਤਾਰ ਸਿੰਘ ਪ੍ਰਿੰਸੀਪਲ ਗੌਰਮਿੰਟ ਸਕੂਲ ਸ੍ਰੀ ਚਮਕੌਰ ਸਾਹਿਬ ਸਕੂਲ ਸਟਾਫ ਅਤੇ ਖਿਡਾਰਨਾਂ ਦੇ ਮਾਪੇ ਅਤੇ ਆਦਿ ਹਾਜ਼ਰ ਸਨ।