ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ਅਸੈਂਬਲੀ ਦਾ ਆਯੋਜਨ

ਅਸੈਂਬਲੀ ਦੌਰਾਨ ਹਾਜਰ ਵਿਦਿਆਰਥੀ ਵਿਭਾਗ ਦੇ ਪ੍ਰਬੰਧਕਾਂ ਨਾਲ।
ਜਗਦੀਸ਼ ਸਿੰਘ ਕੁਰਾਲੀ : ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ਰੈਡ ਰਿਬਨ ਕਲੱਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ‘ਅਸੈਂਬਲੀ’ ਦਾ ਆਯੋਜਨ ਕੀਤਾ । ਇਸ ਅਸੈਂਬਲੀ ਦਾ ਮੁੱਖ ਵਿਸ਼ਾ‘ ਨਸ਼ੇ ਦੀ ਬੁਰਾਈ ਤੋਂ ਛੁੱਟਕਾਰਾ’ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਪ੍ਰੋ ਵਾਈਸ ਚਾਂਸਲਰ ਡਾ. ਏ.ਸੀ. ਵੈਦ ਅਤੇ ਡਾ. ਅੰਮ੍ਰਿਤਪਾਲ ਕੌਰ ਡਿਪਾਰਟਮੈਂਟ ਹੈੱਡ ਵੱਲੋਂ ਸ਼ਮਾ ਰੋਸ਼ਨ ਕਰਨ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ‘ਸ਼ਬਦ ਗਾਇਨ‘ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਵਿਭਾਗ ਦੇ ਵਿਦਿਆਰਥੀਆਂ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ,ਜਿਵੇਂ ਕਿ ਪੰਜਾਬ ਵਿੱਚ ਨਸ਼ਿਆਂ ਦੀ ਜ਼ਿਆਦਾ ਵਰਤੋਂ ਬਾਰੇ ਖ਼ਬਰਾਂ ਪੇਸ਼ ਕਰਨਾ, ਨਸ਼ਿਆਂ ‘ਤੇ ਕਵਿਤਾਵਾਂ ਦਾ ਉਚਾਰਨ ਅਤੇ ਭਾਸ਼ਣ ਮੁਕਾਬਲੇ ਆਦਿ।ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ‘ਭੰਗੜਾ‘ ਵੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਦੇ ਨੌਜਵਾਨਾਂ ਦਾ ਨਸ਼ਿਆਂ ਵੱਲ ਝੁਕਾਅ ਅਤੇ ਉਨ੍ਹਾਂ ਦੇ ਕੈਰੀਅਰ ‘ਤੇ ਇਸ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦਾ, ਇਕ ਨਾਟਕ ਵੀ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਅੰਮ੍ਰਿਤਪਾਲ ਕੌਰ ਡਿਪਾਰਟਮੈਂਟ ਹੈੱਡ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।