ਅੰਤਰਰਾਸ਼ਟਰੀ ਹਾਕੀ ਖਿਡਾਰਨ ਰਸਨਪ੍ਰੀਤ ਦਾ ਪਿੰਡ ਪਹੁੰਚਣ ਤੇ ਜ਼ੋਰਦਾਰ ਸਵਾਗਤ

0

ਹਾਕੀ ਖਿਡਾਰਨ ਰਸਨਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਜ਼ੈਲਦਾਰ ਚੈੜੀਆਂ ਤੇ ਹੋਰ ਪਤਵੰਤੇ।

ਜਗਦੀਸ਼ ਸਿੰਘ ਕੁਰਾਲੀ : ਪਿਛਲੇ ਦਿਨੀ ਤਿੰਨ ਦੇਸ਼ਾਂ ਭਾਰਤ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦਰਮਿਆਨ ਮਹਿਲਾ ਹਾਕੀ ਦੇ ਅੰਤਰਰਾਸ਼ਟਰੀ ਮੈਚ ਆਸਟਰੇਲੀਆ ਵਿੱਚ ਕਰਵਾਏ ਗਏ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਰਤ ਦੀ ਮਹਿਲਾ ਹਾਕੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ ਗਈ। ਇਸ ਟੀਮ ਵਿੱਚ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਅਟੱਲਗੜ੍ਹ ਦੀ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਲੜਕੀ ਰਸਨਪ੍ਰੀਤ ਕੌਰ ਜੋ ਕਿ ਭਾਰਤੀ ਟੀਮ ਵਿੱਚ ਗੋਲ ਕੀਪਰ ਵੱਜੋਂ ਖੇਡੀ ਸੀ ਉਸ ਦਾ ਪਿੰਡ ਪਹੁੰਚਣ ਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਰਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਸ਼ਹਿਰ ਕੈਨਬਰਾ ਵਿਖੇ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਭਾਰਤ ਦੀ ਟੀਮ ਵੱਲੋਂ ਆਪਣੀ ਜਗ੍ਹਾ ਬਣਾਈ ਗਈ।ਫਾਈਨਲ ਮੈਚ ਦੌਰਾਨ ਉਹਨਾਂ ਦਾ ਮੁਕਾਬਲਾ ਆਸਟਰੇਲੀਆ ਦੀ ਟੀਮ ਨਾਲ ਹੋਇਆ ਜਿੱਥੇ ਉਹਨਾਂ ਦੀ ਟੀਮ ਵੱਲੋਂ ਆਸਟਰੇਲੀਆ ਨੂੰ ਮਾਤ ਦੇ ਕੇ ਇਸ ਕੱਪ ਉੱਤੇ ਕਬਜ਼ਾ ਕੀਤਾ।ਜਿਨ੍ਹਾਂ ਦਾ ਅੱਜ ਪਿੰਡ ਪਹੁੰਚਣ ਉਤੇ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀਨੀ ਕਾਂਗਰਸੀ ਆਗੂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਰਸ਼ਨਪ੍ਰੀਤ ਕੌਰ ਦੀ ਇਸ ਕਾਮਯਾਬੀ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਇਹ ਬੇਟੀਆਂ ਸਾਡਾ ਮਾਣ ਹਨ ਅਤੇ ਇਹੀ ਬੇਟੀਆਂ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਲਈ ਚਾਨਣ ਮੁਨਾਰਾ ਬਣਨਗੀਆਂ।ਇਸ ਮੌਕੇ ਰਸ਼ਨਪ੍ਰੀਤ ਕੌਰ ਦੇ ਪਿਤਾ ਸਤਿੰਦਰ ਸਿੰਘ (ਕਿਸਾਨ) ਅਤੇ ਮਾਤਾ ਕਮਲਜੀਤ ਕੌਰ (ਆਂਗਨਵਾੜੀ ਵਰਕਰ) ਨੇ ਕਿਹਾ ਕਿ ਉਹ ਆਪਣੀ ਧੀ ਦੀ ਇਸ ਕਾਮਯਾਬੀ ਉੱਤੇ ਬੇਹੱਦ ਖੁਸ਼ ਹਨ। ਇਸ ਮੌਕੇ ਪਿੰਡ ਵਾਸੀਆਂ ਅਤੇ ਸਾਕ-ਸਬੰਧੀਆਂ ਸਮੇਤ ਇਲਾਕਾ ਵਾਸੀਆਂ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ।ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਕਲਾਲਪੁਰ, ਕਰਨਲ ਦੀਦਾਰ ਸਿੰਘ, ਸਰਪੰਚ ਬਲਵਿੰਦਰ ਸਿੰਘ ਅਟੱਲਗੜ੍ਹ ਰੁਲਦਾ ਸਿੰਘ, ਮਾਸਟਰ ਜੈਪਾਲ ਸਿੰਘ (ਸਾਬਕਾ ਸਰਪੰਚ), ਸਰਬਜੀਤ ਕੌਰ, ਰਾਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਮਾਵੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed