ਇੱਕ ਪ੍ਰਧਾਨ, ਇੱਕ ਵਿਧਾਨ ਤੇ ਇੱਕ ਪਾਰਟੀ ਬਣਾਈ ਜਾਵੇਗੀ- ਢੀਡਸਾ

ਇਕੱਠ ਨੂੰ ਸੰਬੋਧਨ ਕਰਦੇ ਹੋਏ ਟਕਸਾਲੀ ਆਗੂ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦਾ 99 ਸਥਾਪਨਾ ਦਿਵਸ ਦੋ ਥਾਵਾਂ ਤੇ ਮਨਾਇਆ ਗਿਆ ਅਤੇ ਦੋਹਾਂ ਧਿਰਾਂ ਨੇ ਸ਼ਕਤੀ ਪ੍ਰਦਰਸ਼ਨ ਕਰਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ।ਸ਼੍ਰੋਮਣੀ ਅਕਾਲੀ ਦਲ ਬਾਦਲ ਤੋ ਬਾਗੀ ਹੋਏ ਵੱਖ ਵੱਖ ਧੜਿਆ ਨੇ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਬਾਈਪਾਸ ਵਿਖੇ ਮਨਾਇਆ ਗਿਆ ਜਿਸ ਦੀ ਅਗਵਾਈ ਕਿਸੇ ਵੇਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਸੱਜੇ ਲੈਫਟੈਣ ਰਹੇ ਤੇ ਮੈਂਬਰ ਰਾਜ ਸਭਾ ਸ੍ਰ ਸੁਖਦੇਵ ਸਿੰਘ ਢੀਡਸਾ ਨੇ ਕੀਤੀ। ਹਾਲ ਵਿੱਚ ਕੁਰਸੀਆ ਦੀ ਗਿਣਤੀ ਭਾਂਵੇ 500 ਦੇ ਕਰੀਬ ਸੀ ਪਰ ਇੰਨੇ ਲੋਕ ਖੜੇ ਹੋ ਕੇ ਜਾਂ ਖਾਲੀ ਥਾਵਾਂ ਤੇ ਬੈਠੇ ਵੀ ਵੇਖੇ ਗਏ। ਸਰੋਤਿਆ ਨੇ ਪੰਥਕ ਆਗੂਆਂ ਦੇ ਭਾਸ਼ਨ ਬੜੀ ਗੰਭੀਰਤਾ ਨਾਲ ਸੁਣੇ ਤੇ ਜੈਕਾਰਿਆ ਦੀ ਗੂੰਜ ਵਿੱਚ ਮਤਿਆ ਨੂੰ ਪ੍ਰਵਾਨਗੀ ਦਿੱਤੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆ ਨੇ ਜਿਥੇ ਬਾਦਲਾ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਧਾਨ ,ਇੱਕ ਪ੍ਰਧਾਨ ਤੇ ਇੱਕ ਦਲ ਬਣਾਉਣ ਤੋ ਜ਼ੋਰ ਦਿੱਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਸ੍ਰ ਸੁਖਦੇਵ ਸਿੰਘ ਢੀਡਸਾ ਨੇ ਕਿਹਾ ਕਿ ਉਹ ਜਿਹੜਾ ਵੀ ਵਾਅਦਾ ਕਰਨਗੇ ਉਹ ਪੂਰਾ ਕਰਨਗੇ ਤੇ ਜਿਹੜੇ ਅਕਾਲੀ ਆਗੂ ਬਾਦਲਾ ਦੀਆਂ ਧੱਕੇਸ਼ਾਹੀਆ ਤੋ ਸਤਾਏ ਘਰਾਂ ਵਿੱਚ ਬੈਠੇ ਹਨ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਅਕਾਲੀ ਦਲ ਨੂੰ ਮਜਬੂਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਸਮਾਗਮ ਮਨਾਉਣ ਲਈ ਇੱਕ ਕਮੇਟੀ ਬਣਾਈ ਜਾਵੇਗੀ ਤੇ ਸਾਲ ਭਰ ਹਰ ਜਿਲ•ੇ ਵਿੱਚ ਸੈਮੀਨਾਰ ਕਰਵਾਏ ਜਾਣਗੇ।

ਕਈ ਵਾਰੀ ਹੱਥੀ ਰੁੱਖ ਲਾਏ ਵੀ ਕੱਟਣੇ ਪੈਦੇ ਹਨ-ਰਾਮੂਵਾਲੀਆ

ਉਹਨਾਂ ਕਿਹਾ ਕਿ ਅੱਜ ਧਰਮ ਤੇ ਸਾਡਾ ਸਭਿਆਚਾਰ ਪੂਰੀ ਤਰ•ਾ ਖਤਮ ਕਰ ਦਿੱਤਾ ਗਿਆ ਹੈ ਤੇ ਉਹ ਇਸ ਦੀ ਬਹਾਲੀ ਲਈ ਹਰ ਪ੍ਰਕਾਰ ਦੇ ਯਤਨ ਕਰਨਗੇ। ਬਾਦਲਾ ਨੇ ਅਕਾਲੀ ਦਲ ਨੂੰ ਕਮਜੌਰ ਕੀਤਾ ਹੈ ਤੇ ਉਹ ਅਕਾਲੀ ਦਲ ਨੂੰ ਘਰ ਅਕਾਲੀ ਦਲ ਬਣਾਇਆ ਹੋਇਆ ਹੈ। ਉਹਨਾਂ ਐਲਾਨ ਕੀਤਾ ਕਿ ਉਹ ਭਵਿੱਖ ਵਿੱਚ ਕੋਈ ਚੋਣ ਨਹੀ ਲੜਣਗੇ ਪਰ ਪੰਥ ਦੇ ਸੇਵਾ ਆਖਰੀ ਦਮ ਤੱਕ ਕਰਨਗੇ। ਉਹ ਇਸ ਮੰਗ ਨਾਲ ਸਹਿਮਤ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਧਾਨ, ਇੱਕ ਸੰਵਿਧਾਨ ਤੇ ਇੱਕ ਪਾਰਟੀ ਹੋਵੇਗੀ ਤੇ ਜਿਹੜਾ ਵਿਅਕਤੀ ਸ਼੍ਰੋਮਣੀ ਕਮੇਟੀ ਦੀ ਚੋਣ ਲੜੇਗਾ ਉਸ ਨੂੰ ਸਿਆਸੀ ਆਹੁਦਾ ਨਹੀ ਦਿੱਤਾ ਜਾਵੇਗਾ ਤੇ ਸ਼੍ਰੋਮਣੀ ਕਮੇਟੀ ਵਿੱਚ ਸਿਰਫ ਧਾਰਮਿਕ ਬਿਰਤੀ ਵਾਲੇ ਹੀ ਚੋਣ ਲੜਣ ਲਈ ਅੱਗੇ ਲਿਆਦੇ ਜਾਣਗੇ। ਅਕਾਲੀ ਦਲ ਦਾ ਪ੍ਰਧਾਨ ਨਾਮਜਦ ਨਹੀ ਸਗੋ ਬਕਾਇਦਾ ਸੰਵਿਧਾਨ ਅਨੁਸਾਰ ਚੁਣਿਆ ਜਾਵੇਗਾ ਪਰ ਅੱਜ ਤਾਂ ਬਾਦਲ ਦਲੀਆ ਵੱਲੋ ਪ੍ਰਧਾਨ ਨਾਮਜਦ ਕੀਤਾ ਜਾਂਦਾ ਹੈ ਤੇ ਉਸ ਦੀ ਕੋਈ ਵੀ ਪੰਥਕ ਕੁਰਬਾਨੀ ਨਹੀ ਹੈ। ਜਥੇਦਾਰ ਅਕਾਲ ਤਖਤ ਦਾ ਉਹ ਬਿਆਨ ਸਵਾਗਤਯੋਗ ਹੈ ਜਿਹੜਾ ਉਹਨਾਂ ਕਿਹਾ ਹੈ ਕਿ ਪੰਥਕ ਸੰਸਥਾਵਾਂ ਵਿੱਚ ਤਬਦੀਲੀ ਦੀ ਸਖਤ ਜਰੂਰਤ ਹੈ। ਜਦੋ ਪਾਰਟੀਆ ਹਾਰਦੀਆ ਹਨ ਉਸ ਸਮੇਂ ਪ੍ਰਧਾਨ ਆਪਣਾ ਅਸਤੀਫਾ ਦਿੰਦਾ ਹੈ ਪਰ ਬਾਦਲ ਦਲੀਏ ਦੋ ਵਾਰੀ ਹਾਰ ਚੁੱਕੇ ਹਨ ਪਰ ਪ੍ਰਧਾਨ ਅੱਜ ਵੀ ਅਸਤੀਫਾ ਦੇਣ ਲਈ ਤਿਆਰ ਨਹੀ ਹੈ।
ਬੇਅਦਬੀ ਦਾ ਜਿਕਰ ਕਰਦਿਆ ਉਹਨਾਂ ਕਿਹਾ ਕਿ ਬਾਦਲਾ ਨੇ ਆਪ ਤਾਂ ਬੇਅਦਬੀ ਨਹੀ ਕੀਤੀ ਪਰ ਬੇਅਦਬੀ ਕਰਨ ਵਾਲਿਆ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਪਰ ਉਹ ਤੇ ਸ੍ਰ ਬ੍ਰਹਮਪੁਰਾ ਸਾਹਿਬ ਬਾਦਲਾ ਨੂੰ ਕਹਿੰਦੇ ਰਹੇ ਕਿ ਬਹੁਤ ਸਾਰੀਆ ਸ਼ਕਾਇਤਾਂ ਅਕਾਲ ਤਖਤ ਤੇ ਉਹਨਾਂ ਵਿਰੁੱਧ ਪੁੱਜ ਗਈਆ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਕਾਲ ਤਖਤ ਤੇ ਪੇਸ਼ ਹੋ ਕੇ ਮੁਆਫੀ ਮੰਗ ਲੈਣ ਤੇ ਦੋਸ਼ੀਆ ਦੇ ਖ੍ਰਿਲਾਫ ਕਾਰਵਾਈ ਕਰਨ ਪਰ ਉਹਨਾਂ ਨੇ ਇਸ ਸਲਾਹ ਵੱਲ ਕੋਈ ਧਿਆਨ ਨਹੀ ਦਿੱਤਾ। ਉਹ ਸਾਫ ਸੁਥਾਰ ਅਕਾਲੀ ਦਲ ਦੇਣਾ ਚਾਹੁੰਦੇ ਹਨ ਤੇ ਸਾਰੀਆ ਸਿੱਖ ਸੰਸਥਾਵਾਂ, ਧਾਰਮਿਕ ਜਥੇਬੰਦੀਆ, ਕਿਸਾਨ ਜਥੇਬੰਦੀਆ ਮਜਦੂਰ ਜਥੇਬੰਦੀਆ, ਮੁਲਾਜਮ ਜਥੇਬੰਦੀਆ , ਪ੍ਰਵਾਸੀ ਵੀਰਾਂ ਤੇ ਮੀਡੀਆ ਤੋ ਸਹਿਯੋਗ ਮੰਗਦੇ ਹਨ ਕਿ ਪੰਥ ਦੀ ਚੜਦੀ ਕਲਾ ਲਈ ਉਹ ਤਨ,ਮਨ ਤੇ ਧੰਨ ਨਾਲ ਸਾਥ ਦੇਣ। ਬਾਦਲ ਤੇ ਕਾਂਗਰਸ ਸਰਕਾਰ ਰਲੀ ਹੋਈ ਹੈ ਤੇ ਦੋਵੇ ਇੱਕ ਦੂਜੇ ਦੇ ਪੂਰਕ ਬਣੇ ਹੋਏ ਹਨ। ਅੱਜ ਹਰ ਵਰਗ ਸੜਕਾਂ ਤੇ ਬੈਠਾ ਹੈ ਤੇ ਉਹ ਸਾਰੇ ਮਸਲੇ ਹੱਲ ਕਰਨ ਲਈ ਸਰਕਾਰ ਵਿਰੁੱਧ ਵੀ ਅਵਾਜ ਬੁਲੰਦ ਕਰਨਗੇ। ਉਹਨਾਂ ਕਿਹਾ ਕਿ ਇੱਕ ਸਾਲ ਵਿੱਚ ਸਾਰੇ ਪ੍ਰਬੰਧ ਕਰਕੇ ਅਗਲੇ ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ 14 ਦਸੰਬਰ 2020 ਨੂੰ ਵੱਡੇ ਪੱਧਰ ਤੇ ਮਨਾਈ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਪਿਛਲੇ ਸਮੇਂ ਵਿਰੋਧੀ ਖੇਮਿਆ ਵਿੱਚ ਰਹੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਦੋਵੇ ਪਹਿਲੀ ਵਾਲੀ ਇੱਕ ਸਟੇਜ ਤੇ ਨਜਰ ਆਏ ਤੇ ਦੋਹਾਂ ਦਾ ਏਜੰਡਾ ਇੱਕੋ ਹੀ ਸੀ ਕਿ ਬਾਦਲਾ ਨੂੰ ਕਿਵੇ ਖਦੇੜਿਆ ਜਾਵੇ। ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅੱਜ ਦਾ ਇਕੱਠ ਕਾਫੀ ਪ੍ਰਭਾਵਸ਼ਾਲੀ ਹੈ ਤੇ ਇੰਜ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਬਾਦਲਾ ਕੋਲੋ ਧਾਰਮਿਕ ਤੇ ਸਿਆਸੀ ਪ੍ਰਬੰਧ ਲੈਣ ਲਈ ਲੱਕ ਬੰਨ ਲਿਆ ਹੈ। ਇਸ ਇਕੱਠ ਤੋ ਇੰਜ ਮਹਿਸੂਸ ਹੁੰਦਾ ਹੈ ਕਿ ਜੇਕਰ ਅੱਜ ਸ਼੍ਰੋਮਣੀ ਕਮੇਟੀ ਚੋਣਾਂ ਹੋ ਜਾਣ ਤੇ ਪੰਜਾਬ ਦੋ ਲੋਕ ਉਸ ਤਰ•ਾ ਹੀ ਬਾਦਲਾ ਨੂੰ ਨਿਹੰਗ ਦੇ ਬਾਟੇ ਵਾਂਗੂ ਮਾਂਜ ਦੇਣਗੇ ਜਿਸ ਤਰ•ਾ ਵਿਧਾਨ ਤੇ ਲੋਕ ਸਭਾ ਚੋਣਾਂ ਵਿੱਚ ਮਾਂਜ ਦਿੱਤਾ ਸੀ। ਸ੍ਰ ਢੀਡਸਾ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵੱਲ ਆਪਣਾ ਧਿਆਨ ਕੇਂਦਰਿਤ ਕਰਨ। ਸ੍ਰ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਬਾਦਲਾ ਦਾ ਇੱਕ ਵੀ ਪੋਸਟਰ ਦਿੱਲੀ ਵਿੱਚ ਲੱਗ ਗਿਆ ਤਾਂ ਚੋਣ ਹਾਰੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਨੂੰ ਇਸ ਕਰਕੇ ਬਾਦਲ ਨੇ ਅਕਾਲੀ ਦਲ ਵਿੱਚੋ ਛੇ ਸਾਲ ਲਈ ਕੱਢਵਾਇਆ ਸੀ ਕਿਉਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਸਿੱਖ ਮਸਲੇ ਹੱਲ ਕਰਨ ਲਈ ਮਨਾ ਲਿਆ ਸੀ ਤੇ ਬਾਦਲਕਿਆ ਨੂੰ ਖਤਰਾ ਪੈਦਾ ਹੋ ਗਿਆ ਸੀ ਕਿ ਜੇਕਰ ਮਸਲੇ ਹੱਲ ਹੋ ਗਏ ਤਾਂ ਫਿਰ ਉਹਨਾਂ ਦੀ ਪੁੱਛ ਪੜਤਾਲ ਰੁਕ ਜਾਵੇਗੀ।
ਸ੍ਰ ਰਵੀ ਇੰਦਰ ਸਿੰਘ ਨੇ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਪਿਛੋਕੜ ਜੇਕਰ ਫਰੋਲਿਆ ਜਾਵੇ ਤਾਂ ਉਸ ਨੂੰ ਜਿਸ ਵੀ ਪ੍ਰਧਾਨ ਨੇ ਨਾਲ ਲਗਾਇਆ ਉਸ ਨੂੰ ਹੀ ਡੰਗ ਮਾਰਿਆ ਹੈ। ਭਾਂਵੇ ਉਹ ਮਾਸਟਰ ਤਾਰਾ ਸਿੰਘ ਹੋਣ ਤੇ ਭਾਂਵੇ ਜਥੇਦਾਰ ਮੋਹਨ ਸਿੰਘ ਤੇ ਭਾਂਵੇ ਸੰਤ ਫਤਹਿ ਸਿੰਘ ਹੋਣ। ਉਹਨਾਂ ਕਿਹਾ ਕਿ ਜੇਕਰ ਬਾਦਲ ਬਾਰੇ ਇੱਕ ਵਾਈਟ ਪੇਪਰ ਛਾਪਿਆ ਜਾਵੇ ਤਾਂ ਸੱਚਾਈ ਸਾਹਮਣੇ ਆ ਜਾਵੇਗੀ ਤੇ ਫਿਰ ਬਾਦਲ ਨੂੰ ਭੱਜਦੇ ਨੂੰ ਰਾਹ ਨਹੀ ਲੱਭੇਗਾ ਤਾਂ ਹਾਲ ਵਿੱਚ ਬੈਠੇ ਹਰਸੁਖਇੰਦਰ ਸਿੰਘ ਬਾਦਲ ਉਰਫ ਬੱਬੀ ਬਾਦਲ ਨੇ ਕਿਹਾ ਕਿ ਅੱਜ ਇਹ ਵੀ ਐਲਾਨ ਕੀਤਾ ਜਾਵੇ ਕਿ ਬਾਦਲਾ ਤੇ ਮਜੀਠੀਆ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕੀਤੀ ਜਾਵੇ ਤੇ ਇਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।

Leave a Reply

Your email address will not be published. Required fields are marked *