ਨਾਗਰਿਕਤਾ ਕਾਨੂੰਨ ਵਿਰੋਧ : ਦਿੱਲੀ ‘ਚ ਪ੍ਰਦਰਸ਼ਨਾਂ ਦੌਰਨ ਅੱਗਜਨੀ ਤੇ ਭੰਨਤੋੜ

ਦਿੱਲੀ : ਰਾਜਧਾਨੀ ਦਿੱਲੀ ‘ਚ ਸੋਧੇ ਗਏ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋ ਰਿਹਾ ਪ੍ਰਦਰਸ਼ਨ ਹਿੰਸਕ ਹੋ ਗਿਆ । ਖ਼ਬਰਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਦੇ ਇੱਕ ਗਰੁੱਪ ਨੇ ਦਿੱਲੀ ‘ਚ ਤਿੰਨ ਬੱਸਾਂ ਨੂੰ ਅੱਗ ਲਗਾ ਦਿੱਤੀ ਤੇ ਹੋਰ ਗੱਡੀਆਂ ਉੱਪਰ ਹਮਲੇ ਵੀ ਕੀਤੇ ਹਨ ।
ਗੁਹਾਟੀ ਚ ਸੋਧੇ ਗਏ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਚ ਜ਼ਖਮੀ ਹੋਏ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਸਾਮ ਵਿੱਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ 16 ਦਸੰਬਰ ਤੱਕ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪਿਛਲੇ ਦਿਨਾਂ ‘ਚ ਨਾਗਰਿਕਤਾ ਸੋਧ ਐਕਟ ਵਿਰੁੱਧ ਵੱਡੀ ਗਿਣਤੀ ਚ ਪ੍ਰਦਰਸ਼ਨਕਾਰੀ ਅਸਾਮ ਦੀਆਂ ਸੜਕਾਂ ‘ਤੇ ਉਤਰ ਆਏ ਸਨ। ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਤੇ ਇਸ ਨਾਲ ਸੂਬੇ ਚ ਹਫੜਾ-ਦਫੜੀ ਦੀ ਸਥਿਤੀ ਪੈਦਾ ਹੋ ਗਈ। ਗੁਹਾਟੀ ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਵਰਤੇ। ਬਿਲ ਵਿਰੁੱਧ ਹਿੰਸਾ ਤੇ ਉਤਰੇ ਪ੍ਰਦਰਸ਼ਨਕਾਰੀਆਂ ਖਿਲਾਫ ਬੁੱਧਵਾਰ ਨੂੰ ਸੈਨਾ ਨੂੰ ਬੁਲਾਇਆ ਗਿਆ ਸੀ।
ਅਸਾਮ ਆਪਣੇ ਇਤਿਹਾਸ ਦੇ ਸਭ ਤੋਂ ਹਿੰਸਕ ਪੜਾਵਾਂ ਚੋਂ ਲੰਘ ਰਿਹਾ ਹੈ। ਉਥੇ ਰੇਲਵੇ ਸਟੇਸ਼ਨ, ਕੁਝ ਡਾਕਘਰ, ਬੈਂਕ, ਬੱਸ ਟਰਮੀਨਲ ਅਤੇ ਹੋਰ ਕਈ ਜਨਤਕ ਜਾਇਦਾਦਾਂ ਸਾੜ ਦਿੱਤੀਆਂ ਗਈਆਂ ਹਨ।
ਪੱਛਮੀ ਬੰਗਾਲ ਚ ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਖਿਲਾਫ ਹਿੰਸਕ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਪੰਜ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਅਫਵਾਹਾਂ ਅਤੇ ਜਾਅਲੀ ਖ਼ਬਰਾਂ ਖ਼ਾਸਕਰ ਸੋਸ਼ਲ ਮੀਡੀਆ ‘ਤੇ ਰੋਕ ਲਗਾਉਣ ਲਈ ਮਾਲਦਾ, ਮੁਰਸ਼ੀਦਾਬਾਦ, ਹਾਵੜਾ, ਉੱਤਰੀ 24 ਪਰਗਾਨਿਆਂ ਅਤੇ ਦੱਖਣੀ 24 ਪਰਗਾਨਿਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਅਸਥਾਈ ਤੌਰ ‘ਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।