ਲੋਕ ਨਵੇਂ ਸਾਲ ਦੇ ਜਸ਼ਨਾਂ ਵਿਚ ਰੁਝੇ ਹੋਏ ਸਨ ਪਰ ਅੱਧੀ ਰਾਤ ਨੂੰ ਇਕ ਫ਼ਕੀਰਾ,ਗਰੀਬ ਲੋਕਾਂ ਨੂੰ ,ਠੰਡ ਤੋਂ ਬਚਣ ਲਈ ਵੰਡ ਰਿਹਾ ਸੀ, ਲੋਈਆਂ

ਸੜਕ ਕਿਨਾਰੇ ਸੁਤੇ ਵਿਅਕਤੀਆ ਨੂੰ ਕੰਬਲ ਵੰਡਦੇ ਹੋਏ
ਸੰਕਰ ਯਾਦਵ ਮੋਗਾ: ਜਦੋਂ ਲੋਕ ਨਵੇਂ ਸਾਲ ਦੀ ਆਮਦ ’ਤੇ ਜਸ਼ਨਾਂ ਵਿਚ ਰੁਝੇ ਹੋਏ ਸਨ ਉਸ ਸਮੇਂ ਇਕ ਫ਼ਕੀਰਾ, ਮੋਗਾ ਹਲਕੇ ਦੇ ਵੱਖ ਵੱਖ ਖੇਤਰਾਂ ਵਿਚ ਗਰੀਬ ਲੋਕਾਂ ਨੂੰ ਠੰਡ ਤੋਂ ਬਚਣ ਲਈ ਲੋਈਆਂ ਵੰਡ ਰਿਹਾ ਸੀ। ਇਹ ਫ਼ਕੀਰਾ ਕੋਈ ਹੋਰ ਨਹੀਂ ਸੀ ,ਸਗੋਂ ਨਿੱਘੇ ਸੁਭਾਅ ਵਜੋਂ ਜਾਣਿਆਂ ਜਾਣ ਵਾਲਾ ਦਰਵੇਸ਼ ਸਿਆਸਤਦਾਨ ,ਮੋਗਾ ਹਲਕੇ ਦਾ ਵਿਧਾਇਕ ਡਾ. ਹਰਜੋਤ ਕਮਲ ਸੀ ,ਜਿਸ ਨੇ ਅੱਧੀ ਰਾਤ ਨੂੰ ਨਵੇਂ ਸਾਲ ਦੇ ਜਸ਼ਨ ਮਨਾਉਣ ਦੀ ਬਜਾਏ ਆਪਣੇ ਹਲਕੇ ਵਿਚ ਲੋੜਵੰਦ ਲੋਕਾਂ ਦੀ ਸਾਰ ਲੈਣ ਲਈ ਤੂਫ਼ਾਨੀ ਦੌਰਾ ਕੀਤਾ ਅਤੇ ਜਿੱਥੇ ਕਿਤੇ ਲੋੜਵੰਦ ਨਜ਼ਰੀਂ ਪਏ , ਉਹਨਾਂ ਨੂੰ ਲੋਈਆਂ ਨਾਲ ਨਿਵਾਜਿਆ । ਵਿਧਾਇਕ ਡਾ. ਕਮਲ ਨੇ ਮੋਗਾ ਦੇ ਰੇਲਵੇ ਸਟੇਸ਼ਨ ,ਬੱਸ ਸਟੈਂਡ ,ਨੇਚਰ ਪਾਰਕ ਅਤੇ ਬਜ਼ਾਰ ਆਦਿ ਖੇਤਰਾਂ ਵਿਚ ਵਿਚਰਦਿਆਂ,ਹੱਡਚੀਰਵੀਂ ਠੰਡ ਕਾਰਨ ਕੰਬ ਰਹੇ ਲੋੜਵੰਦਾਂ ਨੂੰ ਲੋਈਆਂ ਵੰਡੀਆਂ । ਡਾ. ਹਰਜੋਤ ਕਮਲ ਦੇ ਨਾਲ ਸੁਰੱਖਿਆ ਕਰਮੀਂ ਦੱਸਦੇ ਨੇ ਕਿ ਉਹ ਦਿ੍ਰਸ਼ ਬੜਾ ਭਾਵਪੂਰਤ ਸੀ, ਜਦੋਂ ਕਈ ਵਿਅਕਤੀ ਸੁੱਤੇ ਪਏ ਸਨ ਪਰ ਨਰਮ ਦਿਲ ਵਿਧਾਇਕ ਨੇ ਉਹਨਾਂ ਨੂੰ ਨੀਂਦ ਤੋਂ ਉਠਾਉਣ ਦੀ ਬਜਾਏ ,ਸੁੱਤੇ ਪਿਆਂ ’ਤੇ ਹੀ ਲੋਈਆਂ ਪਾ ਦਿੱਤੀਆਂ ।
ਇਸੇ ਰਾਤ ਡਾ. ਹਰਜੋਤ ਕਮਲ ਨੇ ਮੋਗੇ ਦੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ, ਡਿੳੂਟੀ ਕਰ ਰਹੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੀ ਲੋਈਆਂ ਨਾਲ ਸਨਮਾਨਿਤ ਕੀਤਾ। ਉਹਨਾਂ ਆਖਿਆ ਕਿ ਜਦੋਂ ਅਸੀਂ ਘਰਾਂ ਵਿਚ ਵੀ ਖੂਨ ਜਮਾਅ ਦੇਣ ਵਾਲੀ ਠੰਡ ਨਾਲ ਠਿਠੁਰ ਰਹੇ ਹਾਂ ਪਰ ਇਹ ਅਣਥੱਕ ਯੋਧੇ ਸਾਡੀ ਸੁਰੱਖਿਆ ਲਈ ,ਆਪਣੇ ਫਰਜ਼ ਨਿਭਾਅ ਰਹੇ ਹਨ। ਡਾ. ਹਰਜੋਤ ਕਮਲ ਨੇ ਆਖਿਆ ਕਿ ਇਹ ਦੋਨੋਂ ਕਾਰਜ ਉਹਨਾਂ ਵਿਧਾਇਕ ਵਜੋਂ ਅਤੇ ਇਨਸਾਨੀਅਤ ਦੇ ਨਾਤੇ ਨਿਭਾਏ ਹਨ ਕਿਉਂਕਿ ਮੋਗਾ ਹਲਕੇ ਦਾ ਹਰ ਵਾਸੀ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੈੇ।