ਨਾਗਰਿਕ ਸੋਧ ਕਾਨੂੰਨ ਦੇ ਵਿਰੋਧ ਵਿੱਚ ਭਾਰਤ ਬੰਦ ਦੀ ਸੀ.ਪੀ.ਆਈ (ਐਮ) ਹਮਾਇਤ ਕਰੇਗੀ – ਸਾਥੀ ਮੁਸਾਫਿਰ

ਬਜ਼ਾਰ ਵਿਚ ਹੜਤਾਲ ਦੀ ਸਫਲਤਾ ਲਈ ਇਸ਼ਤਿਹਾਰ ਵੰਡਦੇ ਹੋਏ ਸੀ ਪੀ ਆਈ ਦੇ ਆਗੂ।
ਜਗਦੀਸ਼ ਸਿੰਘ ਕੁਰਾਲੀ: ਨਾਗਰਿਕ ਸੋਧ ਕਾਨੂੰਨ ਦੇ ਵਿਰੋਧ ਵਿੱਚ 8 ਜਨਵਰੀ ਨੂੰ ਹੋਣ ਜਾ ਰਹੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਸੀ ਆਈ ਟੀ ਯੂ ਅਤੇ ਹੋਰਨਾਂ ਜਥੇਬੰਦੀਆਂ ਦੀ ਸਾਂਝੀ ਅਗਵਾਈ ਵਿੱਚ ਮਾਜਰੀ,ਖਿਜ਼ਰਾਬਾਦ ਮੁੱਲਾਂਪੁਰ ਗਰੀਬਦਾਸ ਦੇ ਬਜ਼ਾਰਾਂ ਵਿੱਚ ਇਸ਼ਤਿਹਾਰ ਵੰਡੇ ਗਏ ਅਤੇ ਸੀ.ਪੀ.ਆਈ. (ਐਮ) ਨੇ ਤਮਾਮ ਜਨਤਕ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਸੀ.ਪੀ.ਆਈ. ਦੇ ਤਹਿਸੀਲ ਸਕੱਤਰ ਸਾਥੀ ਬਲਬੀਰ ਸਿੰਘ ਮੁਸਾਫਿਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਭਾਰਤ ਦੀ ਮਾੜੀ ਆਰਥਿਕਤਾ ਨੂੰ ਛੁਪਾਉਣ ਅਤੇ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਬਣਾਉਣ ਲਈ ਐਨ.ਆਰ.ਸੀ. ਨੂੰ ਲਾਗੂ ਕਰਕੇ ਦੇਸ਼ ਵਿੱਚ ਭਾਈਚਾਰਕ ਵੰਡ ਕੀਤੀ ਜਾ ਰਹੀ ਹੈ ਜਿਸ ਨੂੰ ਦੇਸ਼ ਦੀਆਂ ਤਮਾਮ ਇਨਸਾਫ ਪਸੰਦ ਜਥੇਬੰਦੀਆਂ ਅਤੇ ਭਰਾਤਰੀ ਲੋਕ ਕਦੇ ਵੀ ਸਿਰ ਨਹੀਂ ਚੁੱਕਣ ਦੇਣਗੇ। ਉਨ੍ਹਾਂ ਅਪੀਲ ਕੀਤੀ ਕਿ ਦੇਸ਼ ਵਿੱਚ ਜਮਹੂਰੀਅਤ ਦੀ ਰਾਖੀ, ਦੇਸ਼ ਦੀ ਏਕਤਾ, ਆਖੰਡਤਾ ਅਤੇ ਅਮਨ ਨੂੰ ਕਾਇਮ ਰੱਖਣ ਲਈ ਸਾਂਝੇ ਘੋਲਾਂ ਨੂੰ ਜਾਰੀ ਰੱਖਣਾ ਹੋਵੇਗਾ। ਇਸ ਸਮੇਂ ਡਾ. ਸ਼ੇਰ ਸਿੰਘ, ਕਿਸਾਨ ਸਭਾ ਦੇ ਆਗੂ,ਹਰਬੰਸ ਸਿੰਘ ਖਿਜ਼ਰਾਬਾਦ, ਸੀ ਟੂ ਆਗੂ ਦਿਨੇਸ਼ ਪ੍ਰਸ਼ਾਦ,ਸਾਥੀ ਯੋਗਰਾਜ ਅਤੇ ਹੋਰਨਾਂ ਆਗੂਆਂ ਨੇ ਭਾਰਤ ਬੰਦ ਦੀ ਹਮਾਇਤ ਕੀਤੀ ਅਤੇ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਭਰੋਸਾ ਦਿੱਤਾ।