ਜੇ.ਐਨ.ਯੂ ਦਾ ਹਿੰਸਕ ਘਟਨਾਕ੍ਰਮ ਇਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜ਼ਾ – ਯੂਥ ਆਫ ਪੰਜਾਬ

0

ਯੂਥ ਆਫ ਪੰਜਾਬ ਦੇ ਚੇਅਰਮੈਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

ਜਗਦੀਸ਼ ਸਿੰਘ ਕੁਰਾਲੀ : ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਅਤੇ ਸ਼ਹੀਦਾਂ ਦੇ ਸਨਮਾਨ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋੰ ਜੇ.ਐਨ.ਯੂ ਯੂਨੀਵਰਸਿਟੀ ਵਿੱਚ ਐਤਵਾਰ ਰਾਤੀਂ ਹੋਏ ਘਟਨਾਕ੍ਰਮ ਦੀ ਪੁਰਜ਼ੋਰ ਨਿੰਦਾ ਕੀਤੀ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਨੇ ਬੋਲਦੇ ਹੋਏ ਕਿਹਾ ਕਿ ਜੇ.ਐਨ.ਯੂ ਇੱਕ ਉੱਚ ਵਿੱਦਿਆ ਦੀ ਸ਼ਾਖਾ ਹੈ। ਰਾਜਧਾਨੀ ਦਿੱਲੀ ਵਿੱਚ ਹੋਣ ਕਾਰਨ ਇਸ ਵਿੱਚ ਸਾਰੇ ਭਾਰਤ ਦੇ ਵੱਖ ਵੱਖ ਰਾਜਾਂ ਸਮੇਤ ਅੰਤਰਰਾਸ਼ਟਰੀ ਵਿੱਦਿਆਰਥੀ ਵੀ ਸਿੱਖਿਆ ਹਾਸਲ ਕਰ ਰਹੇ ਹਨ। ਅਜਿਹੀ ਉੱਚ ਸੰਸਥਾ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨਾਲ ਇਹੋ ਜਿਹਾ ਵਰਤਾਰਾ ਅਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੀਆਂ ਸੰਸਥਾਵਾਂ ਵਿੱਚ ਦੇਸ਼ ਦੀਆਂ ਰਾਜਨੀਤੀਕ ਪਾਰਟੀਆਂ ਦਾ ਦਖਲ ਇੱਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਸ਼ੋਸ਼ਲ ਮੀਡੀਆ ਤੋਂ ਲੈ ਕੇ ਇਲੈਕਟ੍ਰਾਨਿਕ ਮੀਡੀਆ ਤੱਕ ਇਹੋ ਖਬਰ ਚੱਲ ਰਹੀ ਸੀ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਕੁੱਟਮਾਰ ਬਾਹਰੋਂ ਆਏ ਵਿਅਕਤੀਆਂ ਵਲੋਂ ਕੀਤੀ ਗਈ ਜੋ ਕਿ ਇੱਕ ਰਾਜਨੀਤਿਕ ਪਾਰਟੀ ਦੇ ਕਾਰਕੁੰਨ ਦੱਸੇ ਜਾ ਰਹੇ ਨੇ। ਉਨ੍ਹਾਂ ਨੇ ਆਪਣੀ ਪਹਿਚਾਣ ਛੁਪਾਉਣ ਲਈ ਕੱਪੜੇ ਨਾਲ ਮੂੰਹ ਢਕੇ ਹੋਏ ਸਨ। ਇਸ ਮੌਕੇ ਹਮਲਾਵਰਾਂ ਵਲੋਂ ਲੜਕੀਆਂ ਤੱਕ ਨੂੰ ਨਾ ਬਖਸ਼ਿਆ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਵੱਡੇ ਵੱਡੇ ਚੈਨਲ ਇਸ ਘਟਨਾ ਨੂੰ ਦੋ ਗੁੱਟਾਂ ਵਿੱਚ ਹੋਈ ਲੜਾਈ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਯੂਨੀਵਰਸਿਟੀ ਦਾ ਰਾਜਧਾਨੀ ਵਿੱਚ ਹੋਣ ਕਰਕੇ ਵਿਦਿਆਰਥੀ ਰਾਜਨੀਤੀ ਭਾਰੂ ਹੈ ਅਤੇ ਪਹਿਲਾਂ ਵੀ ਇਥੇ ਹਿੰਸਕ ਗਤਿਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਪਰੰਤੂ ਬਾਹਰ ਤੋਂ ਆ ਕੇ ਕਿਸੇ ਪਾਰਟੀ ਦੇ ਕਾਰਕੁੰਨਾ ਵਲੋਂ ਇਸ ਤਰਾਂ ਦੀ ਘਟਨਾ ਨੂੰ ਅੰਜਾਮ ਦੇਣਾ ਨਿੰਦਣਯੋਗ ਹੈ। ਇਸ ਘਟਨਾ ਨਾਲ ਯੂਨੀਵਰਸਿਟੀ ਦੀ ਸੰਚਾਲਕ ਟੀਮ ਅਤੇ ਸਕਿਉਰਿਟੀ ਸਟਾਫ ਵੀ ਸ਼ੱਕ ਦੇ ਘੇਰੇ ਵਿੱਚ ਹੈ ਕਿ ਇੰਨੀ ਸੰਖਿਆ ਵਿੱਚ ਬਾਹਰਲੇ ਵਿਅਕਤੀ ਹਥਿਆਰਾਂ ਸਮੇਤ ਕੈੰਪਸ ਵਿੱਚ ਦਾਖਲ ਕਿਵੇਂ ਹੋਏ। ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਸਿੱਖਿਆ ਦੀਆਂ ਸੰਸਥਾਵਾਂ ਵਿੱਚ ਇਹੋ ਜਿਹੀਆਂ ਘਟਨਾਵਾਂ ਬਹੁਤ ਚਿੰਤਾਜਨਕ ਨੇ, ਇਸ ਲਈ ਸਰਕਾਰ ਨੂੰ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਕਰਵਾ ਕੇ ਹਮਲਾਵਰਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਾਈਸ ਚੇਅਰਮੈਨ ਕਾਕਾ ਰਣਜੀਤ, ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੋਹਾਲੀ, ਚੀਫ ਕੁਆਰਡੀਨੇਟਰ ਜੱਗੀ ਧਨੋਆ, ਜਰਨਲ ਸਕੱਤਰ ਲੱਕੀ ਕਲਸੀ, ਕੈਸ਼ੀਅਰ ਵਿੱਕੀ ਮਨੌਲੀ, ਅਮ੍ਰਿਤ ਜੌਲੀ, ਇੰਦਰਾਂ ਢਿੱਲੋਂ, ਜਿਲ੍ਹਾ ਪ੍ਰਧਾਨ ਮੋਹਾਲੀ ਗੁਰਜੀਤ ਮਟੌਰ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed