ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਸਵਾਗਤ ਹੋਵੇਗਾ ਗੁਲਾਬ ਦੇ ਫੁੱਲਾਂ ਨਾਲ

ਸੰਕਰ ਯਾਦਵ ਮੋਗਾ ਜੀ:ਜ਼ਿਲ੍ਹਾ ਪ੍ਰਸ਼ਾਸਨ ਅਤੇ ਮੋਗਾ ਪੁਲਿਸ ਵੱਲੋ ਆਮ ਜਨਤਾ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਪੈਦਾ ਕਰਨ ਲਈ 11 ਤੋ 17 ਜਨਵਰੀ ਤੱਕ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਟ੍ਰੈਫਿਕ ਪੁਲਿਸ ਵੱਲੋ ਗੁਲਾਬ ਦਾ ਫੁੱਲ ਭੇਟ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਇਹ ਅਹਿਸਾਸ ਦਿਵਾਇਆ ਜਾ ਸਕੇ ਕਿ ਉਹ ਆਪਣੀ ਫੁੱਲਾਂ ਵਰਗੀ ਕੀਮਤੀ ਜਾਨ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਅਣਦੇਖੀ ਦੇ ਕਾਰਣ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਨਾ ਹੋਣ ਦੇਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ ਅਤੇ ਕਿਹਾ ਕਿ ਜਨਤਾ ਨੂੰ ਸੜਕ ਸੁਰੱਖਿਆ ਨਿਯਮਾਂ ਤੋ ਪੂਰੀ ਤਰ੍ਹਾਂ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਕਿ ਸੜਕੀ ਦੁਰਘਟਨਾਵਾਂ ਵਿੱਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੜਕ ਸੁਰੱਖਿਆ ਸਪਤਾਹ ਦੌਰਾਨ ਸਹਿਰ ਵਿੱਚ ਵੱਖ ਵੱਖ ਥਾਵਾਂ ਤੇ ਨੋ ਓਵਰਟੇਕਿੰਗ, ਅੱਗੇ ਸਕੂਲ ਹੈ, ਐਕਸੀਡੈਟ ਪਰੋਨ ਏਰੀਆ ਆਦਿ ਦੇ ਸਾਈਨ ਬੋਰਡ ਲਗਵਾਏ ਜਾਣ ਤੋ ਇਲਾਵਾ ਟ੍ਰੈਕਟਰ ਟਰਾਲੀਆਂ ਤੇ ਰਿਫਲੈਕਟਰ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚਿਆਂ ਵਿੱਚ ਸੜਕ ਸੁਰੱਖਿਆ ਨਿਯਮਾਂ ਨਾਲ ਸਬੰਧਤ ਸਲੋਗਨ, ਪੋਸਟਰ ਮੇਕਿੰਗ, ਡੈਕਲਾਨੇਸ਼ਨ ਆਦਿ ਮੁਕਾਬਲੇ ਕਰਵਾਏ ਜਾਣਗੇ ਤਾਂ ਕਿ ਉਨ੍ਹਾਂ ਵਿੱਚ ਵੀ ਸੜਕ ਸੁਰੱਖਿਆ ਨਿਯਮਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮਕਾਬਲਿਆਂ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮਿਤੀ 11 ਤੋ 17 ਜਨਵਰੀ ਤੱਕ ਮਨਾਏ ਜਾਣ ਵਾਲੇ ਸੜਕ ਸੁਰੱਖਿਆ ਸਪਤਾਹ ਵਿੱਚ ਵੱਖ-ਵੱਖ ਥਾਵਾਂ ਤੇ ਨੁੱਕੜ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਪਤਾਹ ਦੌਰਾਨ ਸਮੂਹ ਟਰੱਕ ਯੂਨੀਅਨ, ਬੱਸ ਯੂਨੀਅਨ ਆਟੋ ਯੂਨੀਅਨ, ਅਤੇ ਸਕੂਲ ਬੱਸਾਂ ਦੇ ਡਰਾਈਵਰਾਂ ਲਈ ਸਿਹਤ ਅਤੇ ਅੱਖਾਂ ਦੇ ਚੈਕਅੱਪ ਕੈਪ ਵੀ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਪਾਂ ਦੌਰਾਨ ਸਿਹਤ ਅਤੇ ਅੱਖਾਂ ਦੇ ਚੈਕਅੱਪ ਤੋ ਇਲਾਵਾ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀਆਂ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਪਤਾਹ ਦੇ ਅਖਰੀਲੇ ਦਿਨ 17 ਜਨਵਰੀ, 2020 ਨੂੰ ਸੜਕ ਸੁਰੱਖਿਆ ਦੇ ਸਬੰਧ ਵਿੱਚ ਇੱਕ ਪ੍ਰੋਗਰਾਮ ਵੀ ਆਯੋਜਤ ਕੀਤਾ ਜਾਵੇਗਾ ਜਿਸ ਵਿੱਚ ਸੜਕ ਸੁਰੱਖਿਆ ਨਾਲ ਸਬੰਧਤ ਭਾਸ਼ਣ, ਨੁੱਕੜ ਨਾਟਕ ਤੋ ਇਲਾਵਾ ਐਨ.ਜੀ.ਓ. ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਸ਼ਰਿ ਦੇ ਮੋਹਬਾਰ ਵਿਅਕਤੀ ਅਤੇ ਸਕੂਲੀ ਬੱਚੇ, ਐਨ.ਜੀ.ਓ. ਅਤੇ ਆਮ ਜਨਤਾ ਭਾਗ ਲੇੈਣਗੇ। ਜਿਕਰਯੋਗ ਹੈ ਕਿ ‘‘ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ‘‘ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸੜਕੀ ਦੁਰਘਟਨਾਵਾਂ ਦੀ ਮੌਤ ਦੀ ਦਰ ਨੂੰ ਜ਼ੀਰੋ ਫੀਸਦੀ ‘ਤੇ ਲਿਆਉਣ ਲਈ ਹਰ੍ਹਾਂ ਤਰ੍ਹਾਂ ਦੇ ਸੰਭਵ ਉਪਰਾਲੇ ਕਰ ਰਿਹਾ ਹੈ।ਇਸ ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੀਤਾ ਦਰਸ਼ੀ, ਐਸ.ਡੀ.ਐਮ. ਮੋਗਾ ਸਤਵੰਤ ਸਿੰਘ, ਐਸ.ਡੀ.ਐਮ. ਬਾਘਾਪੁਰਾਣਾ ਸਵਰਨਜੀਤ ਕੌਰ, ਐਸ.ਡੀ.ਐਮ. ਧਰਮਕੋਟ ਨਰਿੰਦਰ ਸਿੰਘ, ਉਪ ਕਪਤਾਨ ਪੁਲਿਸ ਜੰਗਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੁਖਪ੍ਰੀਤ ਬਰਾੜ, ਰੋਡ ਸੇਫਟੀ ਇੰਜੀਨੀਅਰ ਓਮ ਪ੍ਰਕਾਸ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਨੇਕ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਕੇਸ਼ ਮੱਕੜ ਅਤੇ ਐਨ.ਜੀ.ਓ. ਰਵਿੰਦਰ ਗੋਇਲ, ਦਵਿੰਦਰਪਾਲ ਸਿੰਘ ਰਿੰਪੀ ਅਤੇ ਐਸ.ਕੇ. ਬਾਂਸਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਿਲ ਸਨ।