ਥਾਣਾ ਮੁਖੀ ਬਲਜੀਤ ਵਿਰਕ ਨੇ 31 ਪਿੰਡਾਂ ਦੀਆਂ ਪੰਚਾਇਤਾਂ ਨਾਲ ਕੀਤੀ ਮੀਟਿੰਗ

ਥਾਣਾ ਮੁਖੀ ਬਲਜੀਤ ਸਿੰਘ ਵਿਰਕ ਪੰਚਾਇਤ ਮੈਂਬਰਾਂ ਨਾਲ ਮੀਟਿੰਗ ਕਰਦੇ ਹੋਏ
ਜਗਦੀਸ਼ ਸਿੰਘ ਕੁਰਾਲੀ : ਸਦਰ ਥਾਣੇ ਦੇ ਥਾਣਾ ਮੁਖੀ ਬਲਜੀਤ ਸਿੰਘ ਵਿਰਕ ਨੇ ਆਪਣੇ ਹਲਕੇ ਵਿੱਚ ਪੈਂਦੇ 31 ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਆਪਣਾ ਸਾਥੀ ਸੱਮਝਣ ਅਤੇ ਆਪਣੇ ਪਿੰਡ ਨੂੰ ਜੁਰਮ ਮੁਕਤ ਬਣਾਉਣ ਲਈ ਸਹਿਯੋਗ ਕਰਨ। ਥਾਣਾ ਮੁਖੀ ਨੇ ਦੱਸਿਆ ਕਿ ਐਸ ਐਸ ਪੀ ਸ਼੍ਰੀ ਕੁਲਦੀਪ ਸਿੰਘ ਚਾਹਲ ਅਤੇ ਡੀ ਐਸ ਪੀ ਮੁੱਲਾਂਪੁਰ ਗਰੀਬਦਾਸ ਗੁਰਵਿੰਦਰ ਸਿੰਘ ਦੀ ਹਿਦਾਇਤ ਅਨੁਸਾਰ ਇਲਾਕੇ ਦੇ ਨੌਜਵਾਨਾਂ ਨੂੰ ਚੰਗੇ ਕੰਮਾਂ ਨਾਲ ਜੋੜਨ ਲਈ ਉਨ੍ਹਾਂ ਵਲੋਂ ਜਾਗਰੂਕ ਕੀਤਾ ਜਾਵੇਗਾ ਤਾਂਕਿ ਜੇਕਰ ਕਿਸੇ ਵੀ ਪਿੰਡ ਵਿੱਚ ਆਪਸੀ ਝਗੜੇ ਅਤੇ ਮਨ ਮੁਟਾਵ ਹਨ ਉਨ੍ਹਾਂ ਨੂੰ ਭੁਲਾਕੇ ਸਭ ਇੱਕ ਜੁੱਟ ਹੋ ਜਾਵੋ ਅਤੇ ਆਪਣੇ ਆਪਣੇ ਪਿੰਡ ਨੂੰ ਸੁੰਦਰ ਬਣਾਉਣ ਵੱਲ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਸ ਵੀ ਪਿੰਡ ਵਿੱਚ ਕੋਈ ਨਸ਼ੇ ਸੇਵਨ ਕਰਨ ਵਾਲਾ ਵਿਅਕਤੀ ਹੈ ਉਸਨੂੰ ਸਰਕਾਰ ਦੁਆਰਾ ਬਣਾਏ ਨਸ਼ਾ ਛਡਾਉਣ ਵਾਲੇ ਕੇਂਦਰਾਂ ਵਿੱਚ ਭੇਜਕੇ ਇਸ ਅਲਾਮਤ ਤੋਂ ਨਿਜਾਤ ਦੁਆਈ ਜਾਵੇ।ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪਿੰਡ ਦਾ ਮਾਹੌਲ ਠੀਕ ਹੋ ਜਾਵੇਗਾ ਅਤੇ ਨਸ਼ਾ ਛੱਡਣ ਦੇ ਬਾਅਦ ਉਸ ਨੌਜਵਾਨ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਾਕੇ ਰੱਖੋ ਤਾਂ ਕਿ ਉਹ ਇਸ ਦਲਦਲ ਵਿੱਚ ਦੁਬਾਰਾ ਨਾ ਫਸ ਸਕੇ। ਉਨ੍ਹਾਂ ਕਿਹਾ ਕਿ ਉਹ ਹਰ ਪਿੰਡ ਵਿੱਚ ਜਾਕੇ ਨੌਜਵਾਨਾਂ,ਬਜ਼ੁਰਗਾਂ ਅਤੇ ਕਲਬਾਂ ਦੇ ਨਾਲ ਮੀਟਿੰਗ ਕਰਨਗੇ ਤਾਂਕਿ ਭਟਕੇ ਹੋਏ ਨੌਜਵਾਨਾਂ ਨੂੰ ਸਹੀ ਰੱਸਤੇ ਉਤੇ ਲਿਆਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਹਰ ਪਿੰਡ ਦੀਆਂ ਖਾਲੀ ਥਾਵਾਂ ਤੇ ਬੂਟੇ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਤਾਂ ਕਿ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ।