ਫਸਲਾਂ ਤੇ ਪੀਲੀ ਕੁੰਗੀ ਰੋਗ ਦੀ ਸ਼ਿਕਾਇਤ ਮਿਲਣ ਤੇ ਖੇਤੀਬਾੜੀ ਅਧਿਕਾਰੀਆਂ ਨੇ ਲਿਆ ਜਾਇਜ਼ਾ

ਖੇਤੀਬਾੜੀ ਵਿਭਾਗ ਦੇ ਮਾਹਿਰ ਅਧਿਕਾਰੀ ਫਸਲ ਦੀ ਜਾਂਚ ਕਰਦੇ ਹੋਏ।
ਜਗਦੀਸ਼ ਸਿੰਘ ਕੁਰਾਲੀ : ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬੱਦਲਵਾਈ,ਬਾਰਿਸ਼ ,ਧੁੰਦ ਅਤੇ ਠੰਡ ਵਧਣ ਕਾਰਨ ਜਿਥੇ ਕਣਕ ਦੀ ਫ਼ਸਲ ਨੂੰ ਫਾਇਦਾ ਹੋਇਆ ਹੈ ਉਥੇ ਹੀ ਕਿਸਾਨਾਂ ਨੂੰ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।ਇਸ ਮੌਸਮ ਕਾਰਨ ਕਣਕ ਦੀ ਫ਼ਸਲ ਦੇ ਪੌਦਿਆਂ ਦੀਆ ਉਪਰਲੀਆਂ ਨੋਕਾਂ ਪੀਲੀਆ ਪੈਣ ਕਾਰਨ ਕਿਸਾਨਾਂ ਦੀਆ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ। ਇਸ ਨੂੰ ਦੇਖਣ ਲਈ ਖੇਤੀਬਾੜੀ ਵਿਭਾਗ ਬਲਾਕ -ਮਾਜਰੀ ਦੀ ਟੀਮ ਨੇ ਪਿੰਡ ਸ਼ਾਹਪੁਰ,ਭਜੋਲੀ,ਤਿਉੜ ,ਪਲਹੇੜੀ,ਤੀੜ੍ਹਾਂ ਆਦਿ ਪਿੰਡ ਦਾ ਦੌਰਾ ਕੀਤਾ । ਇਸ ਟੀਮ ਵਲੋਂ ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਵੱਖ -ਵੱਖ ਪਿੰਡ ਵਿਚ ਜਾਕੇ ਕਣਕ ਦੀ ਫ਼ਸਲ ਦਾ ਨਿਰੀਖਣ ਕੀਤਾ। ਇਸ ਮੌਕੇ ਡਾ ਗੁਰਬਚਨ ਸਿੰਘ ਨੇ ਦੱਸਿਆ ਕਿ ਵੱਧ ਪਾਣੀ ਲੱਗਣ,ਲਗਾਤਾਰ ਬੱਦਲਵਾਈ ਅਤੇ ਧੁੰਦ ਰਹਿਣ ਕਾਰਣ ਅਤੇ ਧੁੱਪ ਨਾ ਨਿਕਲਣ ਕਾਰਨ ਪੌਦਾ ਆਪਣੀ ਖੁਰਾਕ ਨਹੀਂ ਬਣਾ ਸਕਦਾ। ਇਹ ਸਮਸਿਆ ਐਚ ਡੀ-3086 ਕਿਸਮ ਉਪਰ ਜ਼ਿਆਦਾ ਵੇਖੀ ਗਈ ਹੈ।ਕਣਕ ਦਾ ਪੀਲਾਪਣ ਮੌਸਮ ਸਾਫ ਹੋਣ ਨਾਲ ਆਪਣੇ ਆਪ ਠੀਕ ਹੋ ਜਾਵੇਗਾ ।ਇਸ ਟੀਮ ਵਲੋਂ ਪਿੰਡ ਤੀੜ੍ਹਾਂ ਵਿਖੇ ਸੁਖਵਿੰਦਰ ਸਿੰਘ ਦੇ ਕਣਕ ਦੀ ਫ਼ਸਲ ਐਚ ਡੀ-3086 ਤੇ ਪੀਲੀ-ਕੁੰਗੀ ਬਿਮਾਰੀ ਦਾ ਹਮਲਾ ਵੇਖਣ ਨੂੰ ਮਿਲਿਆ ।ਮੌਕੇ ਤੇ ਕਿਸਾਨ ਨੂੰ ਸਪਰੇਅ ਕਰਨ ਲਈ ਕਿਹਾ ਗਿਆ ।ਇਸ ਹਮਲੇ ਦੀ ਰੋਕਥਾਮ ਲਈ 200 ਐਮ ਐਲ ਟੀਲਟ 25% ਜਾਂ 120 ਗ੍ਰਾਮ ਨਟਿਵੋ 75 ਡਬਲਿਊ ਜੀ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ । ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਕਿਸਾਨ ਨੂੰ ਕਿਸੇ ਬਿਮਾਰੀ ਜਾਂ ਕੀੜੇ ਦਾ ਹਮਲਾ ਕਿਸੇ ਵੀ ਫ਼ਸਲ ਤੇ ਨਜਰ ਆਵੇ ਤਾ ਉਹ ਤੁਰੰਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ।