September 23, 2023

ਪੰਜਾਬ ਵਿਚ ਅੱਜ 232 ਮਾਮਲੇ ਦਰਜ, ਕਰਫਿਊ ਦੀ ਉਲੰਘਣਾ ਕਰਨ ਵਾਲੇ 111 ਵਿਅਕਤੀ ਗ੍ਰਿਫਤਾਰ

0

ਪੰਜਾਬ ਅਪ ਨਿਊਜ਼ ਬਿਊਰੋ:  2 ਵਿਅਕਤੀਆਂ ਨੂੰ ਘਰ ਵਿਚ ਏਂਕਾਤਵਾਸ ਦੀ ਉਲੰਘਣਾ ਕਰਕੇ ਕੀਤਾ ਕਾਬੂ, ਡੀ.ਜੀ.ਪੀ ਨੇ ਕਰਫਿਊ ਦੀ ਯੋਜਨਾਬੰਦੀ ਸਬੰਧੀ ਵਿਚਾਰ-ਚਰਚਾ ਕਰਨ ਲਈ ਸਾਰੇ ਆਈਜੀ/ਡੀਆਈਜੀ ਰੇਂਜਜ਼ ਅਤੇ ਸੀਪੀ/ਐਸਐਸਪੀ ਨਾਲ ਕੀਤੀ ਵੀਡੀਓ ਕਾਨਫਰੰਸਿੰਗ, ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਅਤੇ ਪ੍ਰਸ਼ਾਸਨ ਦੇ ਸਹਿਯੋਗ ਲਈ 38,160 ਪੁਲੀਸ ਮੁਲਾਜਮ ਤਾਇਨਾਤ

ਪੰਜਾਬ ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿੱਚ ਕੋਵੀਡ -19 ਸੰਕਟ ਦਾ ਮੁਕਾਬਲਾ ਕਰਨ ਲਈ ਲਗਾਏ ਗਏ ਕਰਫਿਊ ਦੀ ਉਲੰਘਣਾ ਲਈ ਮੰਗਲਵਾਰ ਨੂੰ 232 ਮੁਕੱਦਮੇ ਦਰਜ ਕੀਤੇ ਅਤੇ 111 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਉਨਾਂ ਨੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਨੂੰ ਯਕੀਨੀ ਬਣਾਉਣ ਲਈ ਇਕ ਵਿਆਪਕ ਰਣਨੀਤੀ ਵੀ ਤਿਆਰ ਕੀਤੀ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਕਰਫਿਊ ਦੀ ਉਲੰਘਣਾ ਦੀਆਂ ਕੁੱਲ 38 ਐਫ.ਆਈ.ਆਰ. ਐਸ.ਏ.ਐੱਸ.ਨਗਰ (ਮੁਹਾਲੀ) ਵਿੱਚ ਦਰਜ ਕੀਤੀਆਂ, ਅੰਮ੍ਰਿਤਸਰ (ਦਿਹਾਤੀ) ਵਿੱਚ 34 ਮਾਮਲੇ ਦਰਜ ਕੀਤੇ, ਅਤੇ ਤਰਨ ਤਾਰਨ ਅਤੇ ਸੰਗਰੂਰ ਤੋਂ 30-30 ਮਾਮਲੇ ਦਰਜ ਹੋਏ ਹਨ। ਇਸਦੇ ਨਾਲ ਹੀ ਤਰਨਤਾਰਨ ਤੋਂ 43 ਬੰਦੇ ਗ੍ਰਿਫਤਾਰ ਕੀਤੇ ਗਏ ਜਦਕਿ 23 ਵਿਅਕਤੀਆਂ ਨੂੰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਗਿਆ, ਹੁਸ਼ਿਆਰਪੁਰ ਤੋਂ 15, ਬਠਿੰਡਾ (13), ਫਿਰੋਜ਼ਪੁਰ (5), ਪਟਿਆਲਾ (5), ਗੁਰਦਾਸਪੁਰ (4) ਅਤੇ ਲੁਧਿਆਣਾ ਦਿਹਾਤੀ (2) ਵਿਅਕਤੀ ਗ੍ਰਿਫ਼ਤਾਰ ਕੀਤੇ ਗਏ।

ਹੋਰਨਾਂ ਜ਼ਿਲਿਆਂ ਤੋਂ ਕਰਫਿਊ ਦੀ ਉਲੰਘਣਾ ਦੇ ਅੰਕੜਿਆਂ ਵਿਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ (14), ਕਮਿਸ਼ਨਰੇਟ ਪੁਲਿਸ ਜਲੰਧਰ (10), ਬਟਾਲਾ (6), ਗੁਰਦਾਸਪੁਰ (4), ਪਟਿਆਲਾ (7), ਰੋਪੜ (4), ਫਤਿਹਗੜ ਸਾਹਿਬ (11), ਜਲੰਧਰ ਦਿਹਾਤੀ (7), ਹੁਸ਼ਿਆਰਪੁਰ (9), ਕਪੂਰਥਲਾ (4), ਲੁਧਿਆਣਾ ਦਿਹਾਤੀ (2), ਐਸ.ਬੀ.ਐਸ ਨਗਰ (1), ਬਠਿੰਡਾ (3), ਫਿਰੋਜ਼ਪੁਰ (7), ਮੋਗਾ (4) ਅਤੇ ਫਰੀਦਕੋਟ (1) ਸ਼ਾਮਲ ਹਨ।

ਡੀ.ਜੀ.ਪੀ ਦਿਨਕਰ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਖੰਨਾ, ਪਠਾਨਕੋਟ, ਬਰਨਾਲਾ, ਸੀ.ਪੀ. ਲੁਧਿਆਣਾ, ਫਾਜ਼ਿਲਕਾ ਤੇ ਮਾਨਸਾ ਤੋਂ ਕਰਫਿਊ ਦੀ ਉਲੰਘਣਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਡੀ.ਜੀ.ਪੀ ਨੇ ਦੱਸਿਆ ਕਿ ਦਿਨ ਵੇਲੇ ਸ੍ਰੀ ਮੁਕਤਸਰ ਸਾਹਿਬ ਤੋਂ ਕੁਅਰੰਟਾਈਨ ਦੀ ਉਲੰਘਣਾ ਦੇ ਦੋ ਮਾਮਲੇ ਸਾਹਮਣੇ ਆਏ ਹਨ ਅਤੇ ਇੱਥੋਂ ਹੀ ਕਰਫਿਊ ਦੀ ਉਲੰਘਣਾ ਦੇ ਚਾਰ ਮਾਮਲੇ ਵੀ ਸਾਹਮਣੇ ਆਏ ਹਨ। ਹੁਣ ਤੱਕ ਵੱਖ-ਵੱਖ ਰੈਂਕ ਦੇ ਕੁੱਲ 38,160 ਪੁਲਿਸ ਮੁਲਾਜ਼ਮ ਕਰਫਿਊ ਲਾਗੂ ਕਰਨ ਲਈ ਵੱਖ ਵੱਖ ਰੈਂਕ / ਪੁਲਿਸ ਕਮਿਸ਼ਨਰੇਟਾਂ ਵਿਚ ਤਾਇਨਾਤ ਕੀਤੇ ਗਏ ਹਨ, ਜਿਸ ਵਿਚ ਪ੍ਰਭਾਵਿਤ ਖੇਤਰਾਂ (ਐਸ.ਬੀ.ਐੱਸ. ਨਗਰ ਜ਼ਿਲਾ) ਨੂੰ ਸੀਲ ਕਰਨ ਤੋਂ ਇਲਾਵਾ ਜ਼ਰੂਰੀ ਚੀਜਾਂ ਦੀ ਸਪਲਾਈ ਅਤੇ ਕਾਨੂੰਨ ਦੀ ਸਾਂਭ-ਸੰਭਾਲ ਵੀ ਸ਼ਾਮਲ ਹੈ। ਇਨਾਂ ਵਿੱਚ 981 ਵਲੰਟੀਅਰ ਸ਼ਾਮਲ ਹਨ।
ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਕਰਫਿਊ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਹਿੱਤ ਡੀਜੀਪੀ ਨੇ ਪੰਜਾਬ ਪੁਲਿਸ ਦੀ ਸੀਨੀਅਰ ਮੈਨੇਜਮੈਂਟ ਟੀਮ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸਮੂਹ ਆਈ.ਜੀ / ਡੀਆਈਜੀ ਰੇਂਜ ਅਤੇ ਸੀਪੀ / ਐਸ.ਐਸ.ਪੀਜ਼ ਨਾਲ ਅੱਜ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਜਿਵੇਂ ਕਿ ਦੁੱਧ ਅਤੇ ਖਾਣ ਪੀਣ ਦੀਆਂ ਚੀਜ਼ਾਂ, ਦਵਾਈਆਂ, ਸਿਹਤ ਸਹੂਲਤਾਂ ਆਦਿ ਪਹੁੰਚਾਉਣ ਲਈ ਵਿਚਾਰ ਵਟਾਂਦਰੇ ਵੀ ਕੀਤਾ ਗਿਆ।

ਡੀ.ਜੀ.ਪੀ ਨੇ ਸਾਰੇ ਜ਼ਿਲਾ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਦੂਰਸੰਚਾਰ, ਬੈਂਕਾਂ, ਏ.ਟੀ.ਐਮਜ਼, ਪੱਤਰਕਾਰਾਂ, ਅਖਬਾਰਾਂ, ਡਾਕਟਰਾਂ, ਪੈਰਾਮੈਡਿਕਲ, ਸੈਨੇਟਰੀ ਵਰਕਰਾਂ, ਇਲੈਕਟ੍ਰੀਸ਼ੀਅਨ, ਪਲੰਬਰ ਆਦਿ ਸਮੇਤ ਜ਼ਰੂਰੀ ਸੇਵਾਵਾਂ ਨੂੰ ਬਣਾਈ ਰੱਖਣ ਲਈ ਕਰਫਿਊ ਨੂੰ ਲੋੜ ਅਨੁਸਾਰ ਪਾਸ ਮੁਹੱਈਆ ਕਰਵਾਇਆ ਜਾਵੇ।

ਡੀਜੀਪੀ ਪੰਜਾਬ ਨੇ ਫੀਲਡ ਪੁਲਿਸ ਸਟਾਫ ਨੂੰ ਦੇਸ਼ ਦੇ ਨਾਗਰਿਕਾਂ ਲਈ ਮੁਸ਼ਕਿਲਾਂ ਵਾਲੇ ਸਮੇਂ ਵਿੱਚ ਪ੍ਰਚਾਰਕਾਂ ਅਤੇ ਸਮਾਜ ਸੇਵੀਆਂ ਵਜੋਂ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਨਾਂ ਨੇ ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਤਾਲਮੇਲ ਬਿਠਾਉਣ ਸਬੰਧੀ ਲਗਭਗ 50-100 ਪੁਲਿਸ ਮੁਲਾਜਮਾਂ ਦੀ ਟੀਮ ਬਣਾਉਣ ਅਤੇ ਤਾਇਨਾਤ ਕਰਨ ਲਈ ਕਿਹਾ। ਉਹਨਾਂ ਅੱਗੇ ਇਹਨਾਂ ਟੀਮਾਂ ਨੂੰ ਖਾਣ ਪੀਣ ਦੀਆਂ ਚੀਜਾਂ ਅਤੇ ਹੋਰ ਜਰੂਰੀ ਚੀਜਾਂ ਦੀ ਸਪੁਰਦਗੀ ਯਕੀਨੀ ਬਣਾਈ ਲਈ ਨੌਜਵਾਨ ਨਾਗਰਿਕਾਂ ਦੇ ਨਾਲ-ਨਾਲ ਡਲੀਵਰੀ ਵਾਲੇ ਲੜਕਿਆਂ ਨੂੰ ਇੱਕ ਵਾਲੰਟੀਅਰ ਕੋਰ ਵਜੋਂ ਲਾਮਬੰਦ ਕਰਕੇ ਕਰਿਆਨੇ ਦੀਆਂ ਦੁਕਾਨਾਂ ਅਤੇ ਖਪਤਕਾਰਾਂ ਦਰਮਿਆਨ ਇੱਕ ਸਪਲਾਈ ਕੜੀ ਸਥਾਪਤ ਕਰਨ ਲਈ ਕਿਹਾ।

ਸ੍ਰੀ ਗੁਪਤਾ ਨੇ ਸੁਝਾਅ ਦਿੱਤਾ ਕਿ ਕੰਮ ਨਾ ਕਰ ਰਹੇ ਆਟੋ ਅਤੇ ਟੈਕਸੀ ਡਰਾਈਵਰਾਂ ਨੂੰ ਡਿਲੀਵਰੀ ਲੜਕਿਆਂ ਵਜੋਂ ਜਰੂਰਤ ਦਾ ਸਮਾਨ ਘਰ-ਘਰ ਪਹੁੰਚਾਉਣ ਲਈ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਲੁਧਿਆਣਾ, ਸੰਗਰੂਰ ਅਤੇ ਬਰਨਾਲਾ ਜਿਲੇ ਵਿਚ ਪਹਿਲਾਂ ਹੀ ਅਜਿਹੀ ਪ੍ਰਣਾਲੀ ਚਾਲੂ ਕੀਤੀ ਗਈ ਹੈ। ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਰੇਹੜੀਆਂ ਅਤੇ ਦੁੱਧ ਵਾਲੀਆਂ ਵੈਨਾਂ ਨੂੰ ਘਰ-ਘਰ ਡਲੀਵਰੀ ਲਈ ਬਸਤੀ, ਮੁਹੱਲਿਆਂ ਅਤੇ ਗਲੀਆਂ ਵਿਚ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।

ਡੀਜੀਪੀ ਨੇ ਜਿਲਾ ਪੁਲਿਸ ਮੁਖੀਆਂ ਨੂੰ ਸਲਾਹ ਦਿੱਤੀ ਕਿ ਉਹ ਅੰਤਰ-ਰਾਜੀ ਸਰਹੱਦਾਂ ਤੋਂ ਪਾਰ ਖਾਣ-ਪੀਣ ਅਤੇ ਜਰੂਰੀ ਸਮਾਨ ਪੰਜਾਬ ਵਿੱਚ ਲਿਜਾਣ ਲਈ ਟਰੱਕਾਂ ਦੀ ਸੁਚਾਰੂ ਆਵਾਜਾਈ ਨੂੰ ਪ੍ਰਵਾਨਗੀ ਦੇਣ ਤਾਂ ਜੋ ਜਰੂਰੀ ਵਸਤਾਂ ਦੀ ਕਮੀ ਨਾ ਹੋਵੇ। ਉਨਾਂ ਪਠਾਨਕੋਟ ਦੇ ਮਾਧੋਪੁਰ ਬੈਰੀਅਰ ਵਿਖੇ ਫਸੇ ਸੈਂਕੜੇ ਮਾਲ ਟਰੱਕਾਂ ਦੇ ਜੰਮੂ-ਕਸਮੀਰ ਵਿਚ ਦਾਖਲ ਹੋਣ ਲਈ ਜੰਮੂ-ਕਸਮੀਰ ਦੇ ਮੁੱਖ ਸਕੱਤਰ ਅਤੇ ਡੀਜੀਪੀ ਨਾਲ ਵੀ ਗੱਲਬਾਤ ਕੀਤੀ।

ਉਨਾਂ ਕਸਮੀਰੀ ਵਿਦਿਆਰਥੀਆਂ ਦੇ ਮੁੱਦੇ ਸਬੰਧੀ ਜੰਮੂ-ਕਸਮੀਰ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ, ਜੋ ਜੰਮੂ-ਕਸਮੀਰ ਸਰਕਾਰ ਵੱਲੋਂ ਜੰਮੂ-ਕਸਮੀਰ ਵਿਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਨੂੰ ਅਲੱਗ ਰੱਖਣ ਲਈ ਕੀਤੇ ਗਏ ਫੈਸਲੇ ਕਾਰਨ ਮਾਧੋਪੁਰ ਵਿਚ ਫਸੇ ਹੋਏ ਸਨ।

ਇਹ ਵੀ ਵਿਚਾਰਿਆ ਗਿਆ ਕਿ ਹਾਈਵੇਅ ਸੁੱਤੇਚੱਲਦੇ ਪੈਟਰੋਲ ਪੰਪਾਂ ਨੂੰ ਯਾਤਰੀਆਂ ਦੀ ਸਹੂਲਤ ਲਈ ਕਾਰਜਸ਼ੀਲ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਪੁਲਿਸ ਕਰਫਿਊ ਪਾਸ ਵਜੋਂ ਸਟੀਕਰਾਂ ਦਾ ਇੱਕ ਸਿਸਟਮ ਵੀ ਤਿਆਰ ਕਰ ਰਹੀ ਹੈ।

ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਦੇ ਮੈਂਬਰਾਂ ਨੂੰ ਇੱਕ ਵੀਡੀਓ ਰਾਹੀਂ ਸੰਦੇਸ਼ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਇਸ ਮੁਸ਼ਕਿਲਾਂ ਭਰੇ ਸਮੇਂ ਵਿੱਚ ਪੁਲਿਸ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੰਜਾਬ ਦੇ ਨਾਗਰਿਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਸਾਨਦਾਰ ਕਾਰਜਾਂ ਦੀ ਮੁੱਖ ਮੰਤਰੀ ਵੱਲੋਂ ਖੂਬ ਸਲਾਘਾ ਕੀਤੀ ਗਈ ਹੈ।

ਡੀਜੀਪੀ ਪੰਜਾਬ ਨੇ ਕਿਹਾ ਕਿ ਉਨਾਂ ਨੂੰ ਪੰਜਾਬ ਪੁਲਿਸ ਨੂੰ ਸੰਸਾਰ ਦੀ ਇਕ ਸਰਵਉੱਚ ਪੁਲਿਸ ਫੋਰਸਾਂ ਵਿਚੋਂ ਦਰਸਾਉਣ ਲਈ ਲਈ ਫੋਰਸ ਦੇ ਸਾਰੇ ਮੈਂਬਰਾਂ ‘ਤੇ ਮਾਣ ਹੈ।

ਡੀਜੀਪੀ ਨੇ ਬਾਅਦ ਵਿੱਚ ਕਿਹਾ ਕਿ ਖੇਤਰ ਵਿੱਚ ਪੁਲਿਸ ਮੁਲਾਜਮਾਂ ਨੂੰ ਸਮੇਂ ਸਮੇਂ ਤੇ ਕਰਫਿਊ ਅਤੇ ਕੁਆਰੰਟੀਨ ਪਾਬੰਦੀਆਂ ਲਾਗੂ ਕਰਨ ਸੰਬੰਧੀ ਸਰਕਾਰ ਵੱਲੋਂ ਪ੍ਰਾਪਤ ਨਿਰਦੇਸਾਂ ਦੀ ਸਿਖਲਾਈ ਦਿੱਤੀ ਜਾ ਰਹੀ ਸੀ। ਡੀਜੀਪੀ ਨੇ ਕਿਹਾ ਕਿ ਐਨਜੀਓ ਦੀ ਸਹਾਇਤਾ ਨਾਲ ਉਨਾਂ ਨੂੰ ਮਾਸਕ ਅਤੇ ਸੈਨੇਟਾਈਜਰ ਵੰਡੇ ਜਾ ਰਹੇ ਹਨ ਅਤੇ ਪੁਲਿਸ ਕਰਮਚਾਰੀਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਹਰ ਕਦਮ ਚੁੱਕੇ ਜਾ ਰਹੇ ਹਨ।

ਸ੍ਰੀ ਗੁਪਤਾ ਨੇ ਕਿਹਾ ਕਿ ਪੁਲਿਸ ਵੀ ਮੌਜੂਦਾ ਸਥਿਤੀ ਵਿਚ ਜਰੂਰੀ ਪਾਬੰਦੀਆਂ ਅਤੇ ਸਾਵਧਾਨੀਆਂ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਲੱਗੀ ਹੋਈ ਹੈ। ਲੋਕਾਂ ਨੂੰ ਘਰ-ਘਰ ਜਾ ਕੇ ਸਿੱਖਿਅਤ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ ਜਿਸ ਵਿੱਚ ਯੁਵਾ ਕਲੱਬਾਂ ਅਤੇ ਪੰਚਾਇਤਾਂ ਦੇ ਨਾਲ ਨਾਲ ਸਿਆਸੀ ਨੇਤਾ ਅਤੇ ਸਿਆਸੀ ਆਗੂ ਵੀ ਸਾਮਲ ਹਨ।

About Author

Leave a Reply

Your email address will not be published. Required fields are marked *