ਅਚਾਰੀਆ ਮਨੀਸ਼ ਦੀ ਅਗਵਾਈ ਹੇਠ ਆਯੁਰਵੇਦਾ ਦੇ 150 ਡਾਕਟਰਾਂ ਨੇ ਲਿਖੀ ਪੀ ਐੱਮ ਮੋਦੀ ਨੂੰ ਚਿੱਠੀ, ਕਿਹਾ-ਇੱਕ ਵਾਰੀ ਮੌਕਾ ਦੇਵੋ ਆਯੁਰਵੇਦਾ ਵਿੱਚ ਹੈ ਕਰੋਨਾ ਦਾ ਸਫਲ ਇਲਾਜ

ਡਾਕਟਰਾਂ ਦੀ ਟੀਮ ਚਿਠੀ ਦਿਖਾਉਂਦੇ ਹੋਏ
ਪੰਜਾਬ ਅੱਪ ਨਿਊਜ਼ ਬਿਓਰੋ : ਪੂਰੇ ਭਾਰਤ ਭਰ ਵਿੱਚ ਵੱਖ ਵੱਖ ਬੀਮਾਰੀਆਂ ਦਾ ਆਯੁਰਵੇਦ ਰਾਹੀਂ ਇਲਾਜ ਕਰਨ ਵਾਲੀ ਸੰਸਥਾ ਜੀਣਾ ਸੀਖੋ ਫਾਊਂਡੇਸ਼ਨ ਅਤੇ ਸ਼ੁੱਧੀ ਕਲੀਨਿਕਸ ਦੇ ਫਾਊਂਡਰ ਅਚਾਰੀਆ ਮਨੀਸ਼ ਦੀ ਅਗਵਾਈ ਹੇਠ ਆਯੁਰਵੇਦਾ ਦੀ 150 ਡਾਕਟਰਾਂ ਦੀ ਟੀਮ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਹੈ । ਜਿਸ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਵਾਰ ਉਨ੍ਹਾਂ ਦੀ ਟੀਮ ਨੂੰ ਮੌਕਾ ਦੇਣ ਤਾਂ ਉਹ ਕਰੋਨਾ ਦਾ ਖਾਤਮਾ ਇਸ ਦੇਸ਼ ਵਿੱਚੋਂ ਕਰਨ ਵਿੱਚ ਸਫਲ ਹੋਣਗੇ । ਅਚਾਰੀਆ ਮਨੀਸ਼ ਗ੍ਰੋਵਰ ਨੇ ਇਸ ਚਿੱਠੀ ਨੂੰ ਨਾ ਕੇਵਲ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਮੇਲ ਕੀਤੀ ਹੈ ਸਗੋਂ ਇਸ ਚਿੱਠੀ ਨੂੰ ਉਨ੍ਹਾਂ ਨੇ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ਤੇ ਵੀ ਸ਼ੇਅਰ ਕੀਤਾ ਹੈ । ਇਸਦੇ ਨਾਲ ਹੀ ਆਯੁਰਵੇਦਾ ਦੇ 150 ਡਾਕਟਰਾਂ ਦੀ ਇਸ ਟੀਮ ਨੇ ਵਰਲਡ ਹੈਲਥ ਆਰਗਨਾਈਜੇਸ਼ਨ ਦੀ ਤਰਜ਼ ਤੇ ਭਾਰਤੀ ਹੈਲਥ ਆਰਗਨਾਈਜੇਸ਼ਨ ਬਣਾਉਣ ਦੀ ਮੰਗ ਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਕੀਤੀ ਹੈ ।
ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਤਰਜ਼ ਤੇ ਭਾਰਤੀ ਹੈਲਥ ਆਰਗਨਾਈਜੇਸ਼ਨ ਬਣਾਏ ਜਾਣ ਦੀ ਕੀਤੀ ਮੰਗ
ਪ੍ਰਧਾਨ ਮੰਤਰੀ ਨੂੰ ਲਿਖੀ ਗਈ ਇਸ ਚਿੱਠੀ ਵਿੱਚ ਅਚਾਰੀਆ ਮਨੀਸ਼ ਨੇ ਕਿਹਾ ਹੈ ਕਿ ਜਦੋਂ ਤੋਂ ਇਹ ਦੁਨੀਆਂ ਹੋਂਦ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਆਯੁਰਵੇਦਾ ਵਿੱਚ ਸਫਲ ਇਲਾਜ ਹੁੰਦੇ ਰਹੇ ਹਨ । ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਆਯੁਰਵੇਦਾ ਨੂੰ ਹਮੇਸ਼ਾ ਹੀ ਐਲੋਪੈਥੀ ਦੇ ਮੁਕਾਬਲੇ ਪਿੱਛੇ ਰੱਖਿਆ ਗਿਆ ਹੈ । ਜਦੋਂ ਕਿ ਐਲੋਪੈਥੀ ਦੇ ਮੁਕਾਬਲੇ ਆਯੁਰਵੇਦਾ ਦਾ ਇਲਾਜ ਕਿਤੇ ਜ਼ਿਆਦਾ ਸਫਲ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੂਰੇ ਦੇਸ਼ ਭਰ ਵਿੱਚ ਇਸ ਵੇਲੇ ਵੱਡੀ ਪੱਧਰ ਤੇ ਆਯੁਰਵੇਦਾ ਵਿੱਚ ਲੋਕਾਂ ਦਾ ਇਲਾਜ ਕਰ ਰਹੀ ਹੈ । ਇਸ ਲਈ ਹੋਰ ਵਧੇਰੇ ਲੋਕਾਂ ਦੀ ਮਦਦ ਕਰਨ ਲਈ ਭਾਰਤੀ ਹੈਲਥ ਆਰਗਨਾਈਜੇਸ਼ਨ ਬਣਾ ਕੇ ਉਸ ਵਿੱਚ ਡਾਕਟਰਾਂ ਨੂੰ ਆਯੁਰਵੇਦਾ ਵਿੱਚ ਰਿਸਰਚ ਕਰਨ ਦੇ ਮੌਕੇ ਦਿੱਤੇ ਜਾਣ ।
ਮੌਜੂਦਾ ਮਹਾਂਮਾਰੀ ਦੇ ਇਸ ਸਬੰਧ ਵਿੱਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰੋਨਾ ਨੂੰ ਹਰਾਉਣ ਦਾ ਸਭ ਤੋਂ ਕਾਰਗਰ ਤਰੀਕਾ ਇਹੋ ਹੈ ਕਿ ਲੋਕ ਆਪਣਾ ਇਮਿਊਨਿਟੀ ਸਿਸਟਮ ਹੋਰ ਜ਼ਿਆਦਾ ਮਜ਼ਬੂਤ ਕਰ ਲੈਣ । ਮਹਾਂਮਾਰੀ ਦੇ ਦੌਰ ਵਿੱਚ ਉਨ੍ਹਾਂ ਦੇ ਦੁੱਧ ਤੋਂ ਬਣੀਆਂ ਵਸਤਾਂ ਤੋਂ ਪ੍ਰਹੇਜ਼ ਕਰਨ ਦੀ ਗੱਲ ਆਖੀ ਅਤੇ ਗਰਮ ਪਾਣੀ ਅਤੇ ਗਰਮ ਚੀਜ਼ਾਂ ਦਾ ਵੱਧ ਤੋਂ ਵੱਧ ਸੇਵਨ ਕਰਨ ਲਈ ਕਿਹਾ । ਅਚਾਰੀਆ ਮਨੀਸ਼ ਨੇ ਕਿਹਾ ਕਿ ਕਰੋਨਾ ਪੋਜ਼ਟਿਵ ਮਰੀਜ਼ ਜ਼ਿਆਦਾ ਹੈਵੀ ਭੋਜਨ ਨਾ ਕਰਨ ਸਗੋਂ ਹਲਕੇ ਭੋਜਨ ਦੇ ਨਾਲ ਨਾਲ ਮੌਸਮੀ ਫਲਾਂ ਦਾ ਸੇਵਨ ਕਰਨ । ਕਰੋਨਾ ਦੇ ਇਲਾਜ ਵਿੱਚ ਹਲਦੀ , ਸੌਂਫ ,ਮਲੱਠੀ ਇਲਾਇਚੀ ਅਤੇ ਹੋਰ ਬਹੁਤ ਸਾਰੀਆਂ ਕੁਦਰਤੀ ਜੜੀਆਂ ਬੂਟੀਆਂ ਸਹਾਇਕ ਹਨ । ਦੱਸਣਾ ਬਣਦਾ ਹੈ ਕਿ ਜੀਨਾ ਸੀਖੋ ਫਾਊਂਡੇਸ਼ਨ ਅਤੇ ਸ਼ੁੱਧੀ ਕਲੀਨਿਕਸ ਪੂਰੇ ਦੇਸ਼ ਭਰ ਵਿੱਚ ਆਪਣੀਆਂ 100 ਤੋਂ ਵੀ ਵੱਧ ਬਰਾਂਚਾਂ ਅਤੇ ਆਯੁਰਵੇਦ ਦੇ 150 ਡਾਕਟਰਾਂ ਰਾਹੀਂ ਲੋਕਾਂ ਦਾ ਸਫਲ ਇਲਾਜ ਕੀਤਾ ਜਾ ਰਿਹਾ ਹੈ ।