ਪੰਜਾਬ ਪੁਲਿਸ ਜਵਾਨਾਂ ਨੇ ਪੇਸ਼ ਕੀਤੀ ਮਿਸਾਲ ,ਖੂਨਦਾਨ ਕਰਕੇ ਬਚਾਈ ਨੰਨ੍ਹੀ ਜਾਨ

ਪੁਲਿਸ ਮੁਲਾਜ਼ਮ ਖੂਨ ਦਾਨ ਕਰਦੇ ਹੋਏ।
ਪੰਜਾਬ ਅਪ ਨਿਊਜ਼ ਬਿਊਰੋ : ਜਿੱਥੇ ਅੱਜ ਪੂਰੀ ਦੁਨੀਆਂ ਕਰੋਨਾ ਵਾਇਰਸ ਦੇ ਕਾਰਨ ਰੁੱਕ ਚੁੱਕੀ ਹੈ ਅਤੇ ਲੋਕ ਬਿਮਾਰੀ ਤੋਂ ਡਰਦਿਆਂ ਆਪਣੇ ਆਪਣੇ ਘਰਾਂ ਵਿੱਚ ਸਿਮਟ ਕੇ ਰਹਿ ਗਏ ਹਨ।ਪਰ ਇਸ ਤੋਂ ਉਲਟ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸੜਕਾਂ ਉੱਤੇ 24 ਘੰਟੇ ਡਿਊਟੀ ਦੇ ਰਹੇ ਪੁਲਸ ਮੁਲਾਜ਼ਮਾਂ ਦੀ ਹਰ ਪਾਸੇ ਸਿਫਤ ਹੋ ਰਹੀ ਹੈ।ਜਿਸ ਦੀ ਅੱਜ ਤਾਜ਼ਾ ਮਿਸਾਲ ਸ਼ਹਿਰ ਕੁਰਾਲੀ ਦੇ ਥਾਣਾ ਸਦਰ ਦੇ ਪੁਲਿਸ ਦੇ ਜਵਾਨਾਂ ਵੱਲੋਂ ਮੈਕਸ ਹਸਪਤਾਲ ਮੋਹਾਲੀ ਵਿਖੇ ਖੂਨਦਾਨ ਕਰਕੇ ਇੱਕ ਛੋਟੀ ਬੱਚੀ ਦੀ ਜਾਨ ਬਚਾਉਣ ਦੀ ਮਿਸਾਲ ਸਾਹਮਣੇ ਆਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਥਾਣਾ ਦੇ ਮੁਖੀ ਬਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਤੇ ਸੰਪਰਕ ਕਰਕੇ ਕਿਸੇ ਨੇ ਦੱਸਿਆ ਕਿ ਮੁਹਾਲੀ ਦੇ ਮੈਕਸ ਹਸਪਤਾਲ ਵਿਖੇ 11 ਸਾਲਾ ਬੱਚੀ ਕਿਡਨੀਆਂ ਖਰਾਬ ਹੋਣ ਕਾਰਨ ਦਾਖਿਲ ਹੈ।ਜਿਸ ਕਰਕੇ ਮੈਕਸ ਹਸਪਤਾਲ ਦੇ ਡਾਕਟਰਾਂ ਨੇ ਬੱਚੀ ਦੀ ਜਾਨ ਬਚਾਉਣ ਲਈ ਬੱਚੀ ਦੀਆਂ ਖਰਾਬ ਕਿਡਨੀਆਂ ਦਾ ਅਪ੍ਰੇਸ਼ਨ ਕਰਕੇ ਕਿਡਨੀਆਂ ਬਦਲਣ ਲਈ ਕਿਹਾ ਹੈ।ਜਿਸ ਲਈ ਭਾਰੀ ਮਾਤਰਾ ਵਿੱਚ ਖ਼ੂਨ ਦੀ ਲੋੜ ਸੀ।ਇਸ ਸਬੰਧੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਸਦਰ ਥਾਣਾ ਦੇ ਪੁਲਸ ਜਵਾਨਾਂ ਜਿਨ੍ਹਾਂ ਵਿੱਚ ਹੈੱਡ ਕਾਂਸਟੇਬਲ ਪਰਵਿੰਦਰ ਸਿੰਘ, ਰਣਵੀਰ ਸਿੰਘ ਮੁੰਧੋਂ, ਗੁਰਵਿੰਦਰ ਸਿੰਘ ਵੱਲੋਂ ਮੈਕਸ ਹਸਪਤਾਲ ਵਿੱਚ ਜਾ ਕੇ ਖੂਨਦਾਨ ਕੀਤਾ ਗਿਆ।ਇਸ ਮੌਕੇ ਬੱਚੀ ਦੇ ਪਰਿਵਾਰ ਵੱਲੋਂ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ।