ਕਰੋਨਾ ਸੰਕਟ ਦੌਰਾਨ ਡਿਊਟੀ ਦੇਣ ਵਾਲੇ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਭੇਜੇ ਪ੍ਰਸੰਸਾ ਪੱਤਰ

ਪੁਲੀਸ ਅਫ਼ਸਰਾਂ ਨੂੰ ਪ੍ਰਸੰਸਾ ਪੱਤਰ ਦਿੰਦੇ ਹੋਏ ਕਾਂਗਰਸੀ ਆਗੂ
ਪੰਜਾਬ ਅਪ ਨਿਊਜ਼ ਬਿਊਰੋ : ਕੋਵਿਡ -19 ਦੀ ਵਿਸ਼ਵਵਿਆਪੀ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਪ੍ਰਸ਼ੰਸਾ ਪੱਤਰ ਭੇਜੇ ਗਏ ਜਿਨ੍ਹਾਂ ਨੂੰ ਸਿਟੀ ਯੂਥ ਕਾਂਗਰਸ ਦੇ ਪ੍ਰਧਾਨ ਰਮਕਾਂਤ ਕਾਲੀਆ ਵੱਲੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰਿੰਦਰ ਕੁਮਾਰ ਜੈਨ, ਸਿਟੀ ਥਾਣਾ ਮੁਖੀ ਜਸਕਾਰ ਸਿੰਘ ਅਤੇ ਟਰੈਫਿਕ ਇੰਚਾਰਜ ਅਵਤਾਰ ਸਿੰਘ ਨੂੰ ਸੌਂਪ ਦਿੱਤਾ ਗਿਆ। ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਅਧਿਕਾਰੀਆਂ ਵਲੋਂ ਅਣਥੱਕ ਯਤਨਾਂ ਲਈ ਪੰਜਾਬ ਕਾਂਗਰਸ ਤੁਹਾਡਾ ਧੰਨਵਾਦ ਕਰਦੀ ਹੈ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਸਾਰੇ ਸੁਰੱਖਿਅਤ ਰਹੀਏ । ਤੁਸੀਂ ਮੂਹਰਲੀ ਕਤਾਰ ਵਿੱਚ ਖੜੇ ਹੋਕੇ ਹਰ ਤਰ੍ਹਾਂ ਦੀਆਂ ਔਕੜਾਂ ਦੇ ਨਾਲ ਲੜ ਰਹੇ ਹੋ ਖ਼ਾਸਕਰ ਇਸ ਮੁਸ਼ਕਲ ਸਮੇਂ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਸੇਵਾ ਕਰਨ ਪ੍ਰਤੀ ਤੁਹਾਡੀ ਵਚਨਬੱਧਤਾਂ ਤੁਹਾਡੇ ਅਹੁਦੇ ਤੋਂ ਬਹੁਤ ਉੱਪਰ ਉੱਠ ਚੁੱਕੀ ਹੈ। ਤੁਸੀਂ ਆਪਣੀ ਨਿੱਜੀ ਸੁਰੱਖਿਆ ਦੀ ਪਰਵਾਹ ਕੀਤੇ ਬਿਨ੍ਹਾਂ ਆਪਣੇ ਕੰਮ ਪ੍ਰਤੀ ਸਮਰਪਣ ਤੇ ਮਨੁੱਖਤਾ ਦੇ ਸਭ ਤੋਂ ਉੱਚੇ ਮਿਆਰ ਤੈਅ ਕੀਤੇ ਹਨ। ਪੰਜਾਬ ਨੂੰ ਇਸ ਮਹਾਮਾਰੀ ਤੋਂ ਬਚਾਉਣ ਅਤੇ ਨਾਗਰਿਕਾਂ ਦੀ ਸਹਾਇਤਾ ਲਈ ਤੁਹਾਡੇ ਵੱਡਮੁੱਲੇ ਮਾਨਵਤਾਵਾਦੀ ਯਤਨਾਂ ਨੂੰ ਅਸੀਂ ਸਲਾਮ ਕਰਦੇ ਹਾਂ। ਆਖਿਰ ਵਿੱਚ ਉਨ੍ਹਾਂ ਕਿਹਾ ਇਸ ਮੁਸ਼ਕਿਲ ਭਰੇ ਸਮੇਂ ਵਿੱਚ ਆਪਣੀ ਜ਼ਿੰਦਗੀ ਦਾਅ ਤੇ ਲਾਕੇ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਵਾਲੇ ਯੋਧਿਆਂ ਨੂੰ ਕਾਂਗਰਸ ਪਾਰਟੀ ਸਲਾਮ ਕਰਦੀ ਹੈ ਅਤੇ ਉਨ੍ਹਾ ਦੀ ਸਿਹਤਯਾਬੀ ਦੀ ਕਾਮਨਾ ਕਰਦੀ ਹੈ।