ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਮਹਾਮਾਰੀ ਦੌਰਾਨ ਚਲਾਇਆ ਜਾ ਰਿਹਾ ਲੰਗਰ ਦੂਜੇ ਮਹੀਨੇ ਵਿੱਚ ਵੀ ਜਾਰੀ

ਲੋੜਵੰਦ ਅਤੇ ਜ਼ਰੂਰਤਮੰਦ ਲੋਕਾਂ ਲਈ ਲੰਗਰ ਤਿਆਰ ਕਰਦੇ ਹੋਏ ਸੰਸਥਾ ਮੈਂਬਰ.
ਬੁਢਲਾਡਾ,ਅਮਨ ਆਹੂਜਾ : ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਜੋ ਹਮੇਸ਼ਾ ਲੋੜਵੰਦਾਂ ਦੀ ਭਲਾਈ ਲਈ ਤਿਆਰ ਰਹਿੰਦੀ ਹੈ, ਵਲੋਂ ਚਲਾਇਆ ਜਾ ਰਿਹਾ ਲੰਗਰ ਅੱਜ ਦੂਜੇ ਮਹੀਨੇ ਵੀ ਲਗਾਤਾਰ ਸ਼ੁਰੂ ਹੈ. ਸੰਸਥਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਲੰਗਰ ਇੰਚਾਰਜ ਅਮਨਪ੍ਰੀਤ ਸਿੰਘ ਅਨੇਜਾ ਨੇ ਦੱਸਿਆ ਕਿ ਲੋੜਵੰਦਾਂ ਲਈ 27 ਮਾਰਚ ਤੋਂ ਸ਼ੁਰੂ ਕੀਤਾ ਗਿਆ ਲੰਗਰ ਵਾਹਿਗੁਰੂ ਦੀ ਕਿਰਪਾ ਨਾਲ ਦਾਨੀ ਸੱਜਣਾਂ ਅਤੇ ਪੁਲਿਸ ਵਿਭਾਗ ਦੀ ਮਦਦ ਨਾਲ ਲਗਾਤਾਰ ਜਾਰੀ ਹੈ. ਅੱਜ ਇੱਕ ਮਹੀਨਾ ਪੂਰਾ ਹੋਣ ਤੇ ਸੰਸਥਾ ਵਲੋਂ ਮਹਾਨ ਸੇਵਾ ਕਰ ਰਹੇ ਪੁਲਿਸ ਕਰਮੀਆਂ ਨੂੰ ਥਾਂ ਥਾਂ ਨਾਕਿਆਂ ਤੇ ਜਾਕੇ ਲੰਗਰ ਦੇ ਨਾਲ ਦੇਸੀ ਘੀ ਦੀ ਦੇਗ ਦਾ ਪ੍ਰਸ਼ਾਦ ਵੀ ਦਿੱਤਾ ਗਿਆ. ਇਸ ਮੌਕੇ ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਦਸਿਆ ਕਿ ਜਰੂਰੀ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੀ ਘਰਾਂ ਵਿੱਚ ਦਿੱਤਾ ਜਾ ਰਿਹਾ ਹੈ ਅਤੇ 200 ਵਿਧਵਾ ਪਰਿਵਾਰਾਂ ਨੂੰ ਲਗਾਤਾਰ ਮਹੀਨਾਵਾਰ ਦਿੱਤਾ ਜਾ ਰਿਹਾ ਰਾਸ਼ਨ ਵੀ ਜਾਰੀ ਹੈ. ਅਨੇਕਾਂ ਲੋੜਵੰਦ ਮਰੀਜ਼ਾਂ ਦਾ ਇਲਾਜ਼ ਵੀ ਕਰਵਾਇਆ ਜਾ ਰਿਹਾ ਹੈ. ਉਹਨਾਂ ਨੇ ਲੰਗਰ ਦੀ ਸੇਵਾ ਕਰ ਰਹੇ ਮੈਂਬਰਾਂ, ਬੀਬੀਆਂ ਅਤੇ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਅਜੋਕਾ ਸਮਾਂ ਇੱਕ ਦੂਜੇ ਦੀ ਮਦਦ ਕਰਨ ਦਾ ਹੈ. ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਸਥਾ ਮੈਂਬਰ ਸ਼ਿਵ ਕੁਮਾਰ ਮਿੱਤਲ, ਡਾ: ਗਿਆਨ ਮਦਾਨ, ਗੁਰਚਰਨ ਸਿੰਘ ਮਲਹੋਤਰਾ, ਦਵਿੰਦਰ ਸਿੰਘ ਲਾਲਾ ਸਮੇਤ ਅਨੇਕਾਂ ਸੇਵਾਦਾਰ ਮੌਜੁਦ ਸਨ.