‘ਮੈਂ ਵੀ ਹਰਜੀਤ ਸਿੰਘ‘ ਨੇਮ ਪਲੇਟ ਲਗਾਕੇ ਪੰਜਾਬ ਪੁਲਿਸ ਨੇ ਕੀਤਾ ਹਰਜੀਤ ਸਿੰਘ ਦਾ ਸਨਮਾਨ

ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦੀ ਨੇਮ ਪਲੇਟ ਲਗਾਕੇ ਫਲੈਗ ਮਾਰਚ ਕੱਢਦੇ ਹੋਏ।
ਪੰਜਾਬ ਅਪ ਨਿਊਜ਼ ਬਿਉਰੋ : ਕੋਰੋਨਾ ਵਾਇਰਸ ਕਾਰਨ ਚਲਦੇ ਕਰਫ਼ਿਊ ਦੌਰਾਨ ਡਿਊਟੀ ਕਰਦਿਆਂ ਪਟਿਆਲਾ ਪੁਲਿਸ ਵਿੱਚ ਤੈਨਾਤ ਏ ਐਸ ਆਈ ਹਰਜੀਤ ਸਿੰਘ ਦੀ ਨੇ ਜੋ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਉਸ ਬਦਲੇ ਪੰਜਾਬ ਪੁਲਿਸ ਨੇ ਅਨੋਖੇ ਢੰਗ ਨਾਲ ਉਸ ਨੂੰ ਸਲਾਮ ਕੀਤਾ। ਅੱਜ ਦਾ ਦਿਨ ਪੰਜਾਬ ਪੁਲਿਸ ਜਵਾਨਾਂ ਲਈ ਹੌਸਲਾ,ਉਤਸ਼ਾਹ ਵਧਾਉਣ ਵਾਲਾ ਤੇ ਏਕਤਾ ਦਾ ਪ੍ਰਤੀਕ ਹੋ ਨਿਬੜਿਆ ਕਿਉਂਕਿ ਡੀ.ਜੀ.ਪੀ. ਦਿਨਕਰ ਗੁਪਤਾ ਦੀ ਯੋਗ ਅਗਵਾਈ ਹੇਠ ਸਾਰੇ ਪੰਜਾਬ ਪੁਲਿਸ ਦੇ ਅੱਸੀ ਹਜ਼ਾਰ ਤੋਂ ਵੱਧ ਜਵਾਨਾਂ ਨੇ ਅੱਜ ਸਵੇਰੇ ਜਦੋਂ ‘ਮੈਂ ਵੀ ਹਾਂ ਹਰਜੀਤ ਸਿੰਘ‘ ਦਾ ਨਾਅਰਾ ਲਾਇਆ ਤਾਂ ਪੋਣੇ ਦੋ ਲੱਖ ਕਰੀਬ ਹੱਥ ਐੱਸ ਆਈ ਹਰਜੀਤ ਸਿੰਘ ਦਾ ਹੌਸਲਾ ਵਧਾਉਣ ਲਈ ਹਵਾ ‘ਚ ਲਹਿਰਾਏ । ਪੁਲਿਸ ਦੇ ਜਵਾਨਾਂ ਨੇ ਆਪਣੇ ਨਾਮ ਦੀ ਪਲੇਟ ‘ਤੇ ਅਖੌਤੀ ਨਿਹੰਗਾਂ ਨਾਲ ਮੁਕਾਬਲਾ ਕਰਦਿਆਂ ਹੱਥ ਤੋਂ ਫੱਟੜ ਹੋਏ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦੇ ਨਾਮ ਦੀ ਪਲੇਟ ਲਗਾ ਕੇ ਆਪਣੀ ਡਿਊਟੀ ਨਿਭਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਏ ਐੱਸ ਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਪੰਜਾਬ ਪੁਲਿਸ ਦੇ ਜਵਾਨਾ ਨੂੰ ਹਰਜੀਤ ਸਿੰਘ ਦੀ ਨੇਮ ਪਲੇਟ ਲਗਾ ਕੇ ਡਿਊਟੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਪੰਜਾਬ ਪੁਲਿਸ ਮੁਖੀ ਸ੍ਰੀ ਦਿਨਕਰ ਗੁਪਤਾ ਦੇ ਆਦੇਸ਼ਾਂ ‘ਤੇ ਅੱਜ ਡੀ.ਜੀ.ਪੀ. ਤੋਂ ਲੈ ਕੇ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਤੱਕ ਸਾਰੇ ਮੁਲਾਜ਼ਮ ਫੱਟੜ ਹੋਏ ਏ.ਐੱਸ.ਆਈ. ਹਰਜੀਤ ਸਿੰਘ ਜਿਨ੍ਹਾਂ ਨੂੰ ਬਹਾਦਰੀ ਵਜੋਂ ਪਦ ਉੱਨਤ ਕਰਦਿਆਂ ਸਬ ਇੰਸਪੈਕਟਰ ਬਣਾਇਆ ਗਿਆ ਸੀ, ਦੀ ਬਹਾਦਰੀ ਨੂੰ ਸਮਰਪਿਤ ਹੁੰਦਿਆਂ ਉਨ੍ਹਾਂ ਦੇ ਨਾਮ ‘ਹਰਜੀਤ ਸਿੰਘ‘ ਦੀ ਪਲੇਟ ਲਗਾ ਕੇ ਆਪਣੀ ਡਿਊਟੀ ਨਿਭਾਅ ਰਹੇ ਹਨ। ਇਸ ਸਮਰਪਿਤ ਭਾਵਨਾ ਦੇ ਚੱਲਦਿਆਂ ਸਦਰ ਥਾਣਾ ਮੁਖੀ ਬਲਜੀਤ ਸਿੰਘ ਵਿਰਕ ਅਤੇ ਸਿਟੀ ਥਾਣਾ ਮੁਖੀ ਜਸਕਾਰ ਸਿੰਘ ਅਤੇ ਟਰੈਫਿਕ ਇੰਚਾਰਜ ਅਵਤਾਰ ਸਿੰਘ ਨੇ ‘ਹਰਜੀਤ ਸਿੰਘ‘ ਦੀ ਨੇਮ ਪਲੇਟ ਲਗਾਕੇ ਆਪਣੀ ਡਿਊਟੀ ਨਿਭਾਉਂਦਿਆਂ ਸਮੇਤ ਪੁਲਿਸ ਪਾਰਟੀ ਸ਼ਹਿਰ ਦੇ ਬੱਸ ਸਟੈਂਡ ਵਿੱਚ ਫਲੈਗ ਮਾਰਚ ਕੀਤਾ, ਜਿਸ ਦੀ ਸਮੂਹ ਸ਼ਹਿਰੀਆਂ ਕਮਲਜੀਤ ਸਿੰਘ ਚਾਵਲਾ ਉਪ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ, ਸ਼ਹਿਰੀ ਪ੍ਰਧਾਨ ਨੰਦੀ ਬੰਸਲ,ਰਾਕੇਸ਼ ਕਾਲੀਆ, ਬਹਾਦਰ ਸਿੰਘ ਓ ਕੇ, ਸੰਜੂ ਗੋਗਨਾ,ਜਸਵਿੰਦਰ ਸਿੰਘ ਭੂਰਾ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।