ਆਂਗਣਵਾੜੀ ਯੂਨੀਅਨ ਨੇ ਮਜਦੂਰ ਦਿਵਸ ਮਨਾਇਆ

ਆਂਗਣਵਾੜੀ ਵਰਕਰਾਂ ਮੀਟਿੰਗ ਕਰਦੀਆਂ ਹੋਈਆਂ।
ਪੰਜਾਬ ਅਪ ਨਿਊਜ਼ ਬਿਊਰੋ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਾਜਰੀ ਜਿਲ੍ਹਾ ਐਸ ਏ ਐਸ ਨਗਰ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮਜ਼ਦੂਰ ਦਿਵਸ ਮਨਾਇਆ ਗਿਆ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਯੂਨੀਅਨ ਦੀਆਂ ਆਗੂਆਂ ਵੱਲੋਂ ਇਕ ਮੀਟਿੰਗ ਯੂਨੀਅਨਪ੍ਰਧਾਨ ਬਲਜੀਤ ਕੌਰ ਕੁਰਾਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਬੋਲਦਿਆਂ ਬਲਜੀਤ ਕੌਰ ਕੁਰਾਲੀ ਨੇ ਕਿਹਾ ਕਿ ਅੱਜ ਮੁਸ਼ਕਿਲ ਦੀ ਘੜੀ ਵਿਚ ਕੋਰੋਨਾਵਾਇਰਸ ਦੀ ਬਿਮਾਰੀ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਫਰੰਟ ਲਾਇਨ ਵਰਕਰ ਦੇ ਤੌਰ ਤੇ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੀਆਂ ਹਨ। ਇਸ ਕਰਕੇ ਜਥੇਬੰਦੀ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਵੇ, ਜਿੰਨੀ ਦੇਰ ਅਜਿਹਾ ਸੰਭਵ ਨਹੀਂ ਤਾਂ ਘੱਟੋ-ਘੱਟ ਉਜਰਤਾ ਨੂੰ ਮੁੱਖ ਰੱਖਦਿਆਂ ਵਰਕਰ ਨੂੰ 24000 ਰੁਪਏ ਤੇ ਹੈਲਪਰ ਨੂੰ 18000 ਰੁਪਏ ਹਰ ਮਹੀਨੇ ਮਾਣਭੱਤਾ ਦਿੱਤਾ ਜਾਵੇ। ਦੂਸਰੇ ਫਰੰਟ ਲਾਇਨ ਵਰਕਰਜ਼ ਦੀ ਤਰ੍ਹਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ 50 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ। ਪੰਜਾਬ ਸਰਕਾਰ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ਤੇ ਲਗਾਏ ਗਏ 40 ਪ੍ਰਤੀਸ਼ਤ ਕੱਟ ਨੂੰ ਏਰੀਅਰ ਸਮੇਤ ਤੁਰੰਤ ਜ਼ਾਰੀ ਕਰੇ। ਕਰੈਚ ਵਰਕਰਜ਼ ਅਤੇ ਹੈਲਪਰਾਂ ਦੀਆਂ 26 ਮਹੀਨੇ ਦੀਆਂ ਰੋਕੀਆਂ ਹੋਈਆਂ ਤਨਖਾਹਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ ਅਤੇ ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ,ਹੈਲਪਰਾਂ ਨੂੰ ਹਰ ਮਹੀਨੇ ਮਾਣਭੱਤਾ ਦੇਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਮੀਨਾ ਸ਼ਰਮਾ, ਪ੍ਰੇਰਨਾ ਕੁਰਾਲੀ, ਸੰਤੋਸ਼ ਕੌਰ,ਕਮਲਜੀਤ ਕੌਰ ਅਤੇ ਹਿਨਾ ਕੁਰਾਲੀ ਸਮੇਤ ਹੋਰ ਵਰਕਰਾਂ ਹਾਜ਼ਰ ਸਨ।