ਕਰੋਨਾ ਕਾਰਨ ਘੱਟ ਬਰਾਤਾਂ ਦਾ ਸਿਲਸਿਲਾ ਜਾਰੀ

ਮੇਜਰ ਦੀ ਹਵੇਲੀ ਵਿਖੇ ਨਵ ਵਿਆਹਿਆ ਜੋੜਾ ਨਾਲ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸੁਖਜਿੰਦਰ ਸਿੰਘ ਮਾਵੀ ।
ਪੰਜਾਬ ਅਪ ਨਿਊਜ਼ ਬਿਉਰੋ: ਅੱਜ ਜਿੱਥੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਹਰ ਵਰਗ ’ਤੇ ਵੱਡਾ ਮਾਰੂ ਅਸਰ ਪਿਆ ਹੈ, ਉਥੇ ਵਿਆਹ ਸ਼ਾਦੀਆਂ ਅਤੇ ਹੋਰ ਘਰੇਲੂ ਸਮਾਗਮਾਂ ’ਤੇ ਵੀ ਵੱਡਾ ਅਸਰ ਪਿਆ ਹੈ। ਇਸ ਦੀ ਤਾਜ਼ਾ ਮਿਸਾਲ ਅੱਜ ਉਦੋਂ ਵੇਖਣ ਨੂੰ ਮਿਲੀ ਜਦੋਂ ਪਿੰਡ ਫਤਿਹਗੜ੍ਹ ਵਿਖੇ ਮੇਜਰ ਦੀ ਹਵੇਲੀ ਵਿਚ ਸਮੇਤ ਲਾੜਾ ਸਿਰਫ਼ ਚਾਰ ਬਰਾਤੀ ਬਰਾਤ ਲੈ ਕੇ ਪੁੱਜੇ। ਅਸਲ ਵਿਚ ਰਣਜੀਤ ਸਿੰਘ ਪੁੱਤਰ ਸੋਮ ਸਿੰਘ ਵਾਸੀ ਜਗੇੜਾ ਜ਼ਿਲ੍ਹਾ ਲੁਧਿਆਣਾ ਦਾ ਵਿਆਹ ਅਕਾਲਗੜ੍ਹ ਵਾਸੀ ਸਵਰਨ ਸਿੰਘ ਦੀ ਪੁੱਤਰੀ ਸੁਖਜੀਤ ਕੌਰ ਨਾਲ ਤੈਅ ਹੋਇਆ ਸੀ। ਲਾਕਡਾਊਨ ਅਤੇ ਕਰਫਿਊ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਦੀ ਚਿੰਤਾ ਸਤਾਉਣ ਲੱਗੀ। ਪ੍ਰੰਤੂ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਆਪਣੇ ਆਪਣੇ ਇਲਾਕੇ ਦੇ ਤਹਿਸੀਲਦਾਰਾਂ ਤੋਂ ਪਰਮਿਸ਼ਨ ਲੈ ਕੇ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਇਸ ਸੁਭਾਗੀ ਜੋੜੀ ਦਾ ਵਿਆਹ ਨੇਪਰੇ ਚੜਿ੍ਹਆ, ਜਿਸ ਵਿਚ ਲਾੜੇ ਸਮੇਤ ਸਿਰਫ਼ ਚਾਰ ਬਰਾਤੀ ਮੇਜਰ ਦੀ ਹਵੇਲੀ ਵਿਖੇ ਬਰਾਤ ਲੈ ਕੇ ਪੁੱਜੇ। ਇਸ ਮੌਕੇ ਬੋਲਦਿਆਂ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸੁਖਜਿੰਦਰ ਸਿੰਘ ਮਾਵੀ ਨੇ ਕਿਹਾ ਕਿ ਸੰਸਾਰ ਪੱਧਰ ’ਤੇ ਫੈਲੀ ਇਸ ਮਹਾਂਮਾਰੀ ਕਾਰਨ ਹਰ ਵਰਗ ’ਤੇ ਇਸ ਦਾ ਮਾਰੂ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਦਾ ਇਕ ਵੱਡਾ ਫਾਇਦਾ ਇਹ ਹੋ ਰਿਹਾ ਹੈ ਕਿ ਲੋਕ ਫਜ਼ੂਲ ਖਰਚੀ ਨਾ ਕਰਕੇ ਆਪਣੇ ਸੀਮਤ ਸਾਧਨਾਂ ਰਾਹੀਂ ਇਹੋ ਜਿਹੇ ਕਾਰਜ ਕਰ ਰਹੇ ਹਨ ਜੋ ਕਿ ਇਕ ਨਵੀਂ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜ ਵਿਚ ਨਵੀਂ ਤਬਦੀਲੀ ਆ ਸਕਦੀ ਹੈ। ਇਸ ਮੌਕੇ ਉਨ੍ਹਾਂ ਸੁਭਾਗੀ ਜੋੜੀ ਨੂੰ ਚੰਗੇ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜਗਤਾਰ ਸਿੰਘ ਅਕਾਲਗੜ੍ਹ, ਭਾਈ ਨਿਰਮਲ ਸਿੰਘ, ਭਾਈ ਸੁਖਜੀਤ ਸਿੰਘ, ਜਗਤਾਰ ਸਿੰਘ ਫੋਟੋਗ੍ਰਾਫਰ, ਦਵਿੰਦਰ ਸਿੰਘ ਗੋਲਾ, ਹਰਜਿੰਦਰ ਸਿੰਘ, ਤਲਵਿੰਦਰ ਸਿੰਘ, ਮਨਪ੍ਰੀਤ ਮਾਵੀ, ਸੁੱਖੀ ਮਾਵੀ, ਹਰਸਿਮਰਨ ਸਿੰਘ, ਹਰਕੀਰਤ ਸਿੰਘ, ਓਂਕਾਰਪ੍ਰੀਤ ਸਿੰਘ, ਭਵਨਪ੍ਰੀਤ ਸਿੰਘ, ਸ਼ਾਨਵੀਰ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।