ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਸੁਮੇਧ ਸੈਣੀ ਦਾ ਕੇਸ ਲੜਨ ਤੋਂ ਕੀਤੀ ਕੋਰੀ ਨਾਂਹ। -ਮੇਰੇ ਲਈ ਸਿੱਖ ਧਰਮ ਅਤੇ ਸਿੱਖ ਕੌਮ ਪਹਿਲਾਂ ਤੇ ਵਕਾਲਤ ਪੇਸ਼ਾ ਬਾਅਦ ਵਿੱਚ : ਐਡਵੋਕੇਟ ਸਤਨਾਮ ਕਲੇਰ

ਚੰਡੀਗੜ੍ਹ : ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਅਤੇ ਨਾਮੀ ਵਕੀਲ ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦਾ ਕੇਸ ਲੜਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 44 ਸਾਲਾਂ ਤੋਂ ਵਕਾਲਤ ਕਰ ਰਿਹਾ ਹਾਂ ਅਤੇ ਮੈਂ ਹੁਣ ਤੱਕ ਹਜ਼ਾਰਾਂ ਕੇਸ ਲੜ ਚੁੱਕਾ ਹਾਂ ਪ੍ਰੰਤੂ ਬੀਤੇ ਦਿਨੀਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਖਿਲਾਫ ਹੋਏ ਪਰਚੇ ਤੋਂ ਬਾਅਦ ਸੁਮੇਧ ਸੈਣੀ ਇਕ ਵਕੀਲ ਹੋਣ ਦੇ ਨਾਤੇ ਮੇਰੇ ਕੋਲ ਪੁੱਜੇ ਸਨ ਅਤੇ ਮੈਨੂੰ ਉਨ੍ਹਾਂ ਨੇ ਆਪਣਾ ਕੇਸ ਲੜਨ ਲਈ ਆਖਿਆ। ਵਕਾਲਤ ਮੇਰਾ ਪੇਸ਼ਾ ਹੋਣ ਕਰਕੇ ਮੈਂ ਇਹ ਕੇਸ ਲੜਨ ਨੂੰ ਤਿਆਰ ਹੋ ਗਿਆ, ਪ੍ਰੰਤੂ ਅੱਜ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਜਦੋਂ ਸੋਸ਼ਲ ਮੀਡੀਆ ‘ਤੇ ਕੁਝ ਸਿੱਖ ਵੀਰਾਂ ਅਤੇ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਮੈਂ ਇਹ ਕੇਸ ਲੜਨ ਤੋਂ ਸਾਫ ਨਾਹ ਕਰ ਦਿੱਤੀ ਹੈ ਅਤੇ ਆਪਣੇ ਆਪ ਨੂੰ ਇਸ ਕੇਸ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ। ਇਸ ਕੇਸ ਬਾਬਤ ਸਾਰੇ ਦਸਤਾਵੇਜ਼ ਮੈਂ ਸੁਮੇਧ ਸੈਣੀ ਹੁਰਾਂ ਨੂੰ ਵਾਪਸ ਭੇਜ ਦਿੱਤੇ ਹਨ।
ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਕਿਹਾ ਕਿ ਮੈਨੂੰ ਸਿੱਖ ਕੌਮ ਨੇ ਬਹੁਤ ਮਾਣ ਦਿੱਤਾ ਹੈ। ਮੈਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਹੋਣ ਦੀ ਸੇਵਾ ਵੀ ਮਿਲੀ ਹੈ ਜੋ ਮੇਰੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਮੈਂ ਇਹ ਸੇਵਾ ਬਿਨ੍ਹਾਂ ਤਨਖਾਹ, ਭੱਤੇ, ਗੱਡੀਆਂ ਅਤੇ ਪੈਟਰੋਲ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਸਹੂਲਤ ਲੈਣ ਤੋਂ ਨਿਰਸਵਾਰਥ ਹੋ ਕੇ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਲਈ ਸਿੱਖ ਧਰਮ ਤੇ ਸਿੱਖ ਕੌਮ ਸਭ ਤੋਂ ਪਹਿਲਾਂ ਅਤੇ ਸਤਿਕਾਰਯੋਗ ਹੈ ਜਦੋਂ ਕਿ ਵਕਾਲਤ ਪੇਸ਼ਾ ਬਾਅਦ ਵਿੱਚ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਜੇਕਰ ਮੇਰੇ ਕਰਕੇ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਮੈਂ ਦਿਲੋਂ ਮੁਆਫੀ ਮੰਗਦਾ ਹਾਂ। ਅਸੀਂ
ਐਡਵੋਕੇਟ ਸਤਨਾਮ ਸਿੰਘ ਕਲੇਰ ਦਾ ਧੰਨਵਾਦ ਕਰਦੇ ਹਾਂ। ਜੋ ਸਿੱਖ ਕੌਮ ਦਾ ਸੋਚ ਰਿਹਾ ਹੈ । ਅਸੀਂ ਉਸ ਦਾ ਪੂਰਾ ਪੂਰਾ ਸਤਿਕਾਰ ਕਰਦੇ ਹਾਂ …. ਬਸੰਤ ਸਿੰਘ ਖਾਲਸਾ।