ਗਿਲਕੋ ਗਰੁੱਪ ਵੱਲੋਂ ਸ੍ਰੀ ਹਰਿੰਮਦਰ ਸਾਹਿਬ ਲਈ 151 ਕੁਵਿੰਟਲ ਕਣਕ ਰਵਾਨਾ

ਕਣਕ ਦਾ ਟਰੱਕ ਰਵਾਨਾ ਕਰਦੇ ਹੋਏ।
ਪੰਜਾਬ ਅਪ ਨਿਊਜ਼ ਬਿਉਰੋ: ਅੱਜ ਸਥਾਨਕ ਅਨਾਜ ਮੰਡੀ ਵਿਖੇ ਗਿਲਕੋ ਗਰੁੱਪ ਦੇ ਮਾਲਕ ਰਣਜੀਤ ਸਿੰਘ ਗਿੱਲ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਲਈ ਕਣਕ ਦਾ ਇੱਕ ਟਰੱਕ ਰਵਾਨਾ ਕੀਤਾ ਗਿਆ।ਇਸ ਸਬੰਧੀ ਗੱਲਬਾਤ ਕਰਦਿਆਂ ਰਣਜੀਤ ਸਿੰਘ ਗਿੱਲ ਨੇ ਆਖਿਆ ਕਿ ਕਰੋਨਾ ਨਾਮਕ ਬੀਮਾਰੀ ਦੇ ਕਾਰਨ ਜਿੱਥੇ ਅੱਜ ਹਰ ਇੱਕ ਮਨੁੱਖ ਪ੍ਰਭਾਵਿਤ ਹੋਇਆ ਹੈ ਵੱਡੇ ਵੱਡੇ ਕਾਰੋਬਾਰ ਬੰਦ ਹੋਣ ਦੀ ਕਗਾਰ ਤੇ ਆ ਖਲੋਤੇ ਹਨ ਪਰ ਉੱਥੇ ਹੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਇਨ੍ਹਾਂ ਲਾਚਾਰ ਅਤੇ ਬੇਵੱਸ ਲੋੜਵੰਦਾਂ ਲਈ ਚੌਵੀ ਘੰਟੇ ਲੰਗਰ ਚੱਲਦਾ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਵਿੱਚ ਜਿੱਥੇ ਸੰਗਤਾਂ ਦੀ ਗਿਣਤੀ ਕਾਫੀ ਗੁਰੂ ਘੱਟ ਗਈ ਹੈ ਪਰ ਦਰਬਾਰ ਸਾਹਿਬ ਵੱਲੋਂ ਜਿਹੜੀਆਂ ਸੇਵਾਵਾਂ ਹਨ ਉਹ ਲਗਾਤਾਰ ਜਾਰੀ ਹਨ।ਇਸ ਲਈ ਅੱਜ ਗਿੱਲਕੋ ਗਰੁੱਪ ਖਰੜ ਵੱਲੋਂ ਇਹ 151 ਕੁਵਿੰਟਲ ਕਣਕ ਦੀ ਸੇਵਾ ਰਵਾਨਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਰੜ ਵਿੱਚੋਂ ਸਮੂਹ ਅਹੁਦੇਦਾਰਾਂ ਵਰਕਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਹੋਰ ਵੀ ਕਣਕ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਭੇਜੀ ਜਾਵੇਗੀ।ਇਸ ਮੌਕੇ ਰਣਧੀਰ ਸਿੰਘ ਧੀਰਾ ਭੁਪਿੰਦਰ ਸਿੰਘ ਗਿੱਲ ਆੜ੍ਹਤੀ ਦਿਆਲ ਚੰਦ ਵਿਸ਼ੂ ਅਗਰਵਾਲ ਬਿੱਟੂ ਖੁੱਲਰ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।