ਪਿੰਡ ਰਕੋਲੀ ਵਿਖੇ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ

ਪੰਜਾਬ ਅਪ ਨਿਊਜ਼ ਬਿਉਰੋ: ਪਿੰਡ ਦੀ ਪੰਚਾਇਤ ਨੇ ਨਰੇਗਾ ਸਕੀਮ ਦੇ ਤਹਿਤ ਕੀਤੇ ਜਾਣ ਵਾਲੇ ਕੰਮਾਂ ਦੀ ਇੱਕ ਸੂਚੀ ਤਿਆਰ ਕਰਕੇ ਇਸਨੂੰ ਇਸ ਤਰ੍ਹਾਂ ਪੂਰੇ ਕੀਤੇ ਜਾਣ ਦੀ ਵਿਉਂਤ ਬਣਾਈ ਹੈ ਕਿ ਪਿੰਡ ਦੇ ਕੰਮ ਵੀ ਹੋਣ, ਸਫਾਈ ਵੀ ਹੋਵੇ, ਪਿੰਡ ਦੀ ਨੁਹਾਰ ਵੀ ਬਦਲੇ ਅਤੇ ਪਿੰਡ ਵਾਸੀਆਂ ਨੂੰ ਰੋਜਗਾਰ ਵੀ ਮੁਹੱਈਆ ਹੋਵੇ। ਪਿੰਡ ਦੇ ਵਿਕਾਸ ਅਤੇ ਨੁਹਾਰ ਬਦਲਣ ਦੀ ਇਸ ਵਿਉਂਤਬੰਦੀ ਦੇ ਅਧੀਨ ਸਭ ਤੋਂ ਪਹਿਲਾਂ ਪਿੰਡ ਦੇ ਛੱਪੜ ਦੀ ਸਫਾਈ ਦਾ ਕੰਮ ਆਰੰਭ ਕੀਤਾ ਗਿਆ। ਇਸ ਕੰਮ ਲਈ ਪਿੰਡ ਦੀ ਸਰਪੰਚ ਮਨਜੀਤ ਕੌਰ, ਪੰਚਾਇਤ ਮੈਂਬਰ ਬਲਵੀਰ ਸਿੰਘ, ਕਰਮਜੀਤ ਸਿੰਘ , ਤਮਨਪੀਤ ਸਿੰਘ ਹਰਜੀਤ ਕੌਰ ਰਜਿਦਰ ਕੌਰ ਪੰਚ ਨੇ ਪਿੰਡ ਦੇ ਛੱਪੜ ‘ਤੇ ਪਹੁੰਚਕੇ ਨਰੇਗਾ ਸਕੀਮ ਦੇ ਤਹਿਤ ਕੰਮ ਕਰਨ ਦੇ ਇੱਛੁਕ ਪਿੰਡ ਦੇ ਲੋਕਾਂ ਨਾਲ ਸਲਾਹ ਮੱਸ਼ਵਰਾ ਕੀਤਾ। ਉਨ੍ਹਾਂ ਛੱਪੜ ਦੀ ਸਫਾਈ ਕਰਨ ਦੇ ਨਾਲ-ਨਾਲ ਜਿੱਥੋਂ ਕਿਤੇ ਡੂੰਘਾਕਰਨ ਦੀ ਜਰੂਰਤ ਮਹਿਸੂਸ ਹੋਵੇ ਉੱਥੋਂ ਡੂੰਘਾ ਕੀਤੇ ਜਾਣ ਦੀ ਸਲਾਹ ‘ਤੇ ਅਮਲ ਕਰਦੇ ਹੋਏ ਕੰਮ ਸ਼ੁਰੂ ਕਰਵਾਇਆ। ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਇਸ ਕੰਮ ਨਾਲ ਜਿੱਥੇ ਸਫਾਈ ਉਪਰੰਤ ਛੱਪੜ ਦੇ ਪਾਣੀ ਦੀ ਬਦਬੂ ਤੋਂ ਪਿੰਡ ਵਾਸੀਆਂ ਨੂੰ ਨਿਜਾਤ ਮਿਲੇਗੀ, ਉੱਥੇ ਹੀ ਬਾਰਿਸ਼ ਦਾ ਪਾਣੀ ਵੀ ਜਿਆਦਾ ਮਾਤਰਾ ਵਿੱਚ ਜਮ੍ਹਾਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਾਰੇ ਪਿੰਡ ਦੀ ਫਿਰਨੀ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਪਿੰਡ ਵਾਸੀਆਂ ਦੀ ਜਰੂਰਤ ਅਤੇ ਸੁਝਾਵਾਂ ਮੁਤਾਬਿਕ ਹੀ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰਾ ਪਿੰਡ ਉਨ੍ਹਾਂ ਨੂੰ ਪਿੰਡ ਦੀ ਨੁਹਾਰ ਬਦਲਣ ਵਿੱਚ ਸਹਿਯੋਗ ਦੇ ਰਿਹਾ ਹੈ।