ਵਿਦਿਆਰਥਣ ਦਮਨਪ੍ਰੀਤ ਕੌਰ ਨੇ 500 ਮਾਸਕ ਕੌਂਸਲਰ ਬੀਬੀ ਸੋਢੀ ਨੂੰ ਸੌਂਪੇ

ਕੁਰਾਲੀ ਦੇ ਵਾਰਡ ਨੰਬਰ 9 ਵਿਖੇ ਕੌਂਸਲਰ ਬੀਬੀ ਸੁਖਜੀਤ ਕੌਰ ਅਤੇ ਯੂਥ ਆਗੂ ਸੁਖਜਿੰਦਰ ਸੋਢੀ ਨੂੰ ਮਾਸਕ ਸੌਂਪਦੀ ਹੋਈ ਵਿਦਿਆਰਥਣ ਦਮਨਪ੍ਰੀਤ ਕੌਰ ਅਤੇ ਹੋਰ।
ਪੰਜਾਬ ਅਪ ਨਿਊਜ਼ ਬਿਉਰੋ : ਸਥਾਨਕ ਸ਼ਹਿਰ ਦੇ ਵਾਰਡ ਨੰਬਰ 9 ਦੀ ਵਸਨੀਕ ਇੱਕ ਵਿਦਿਆਰਥਣ ਦਮਨਪ੍ਰੀਤ ਕੌਰ ਪੁੱਤਰੀ ਇੰਦਰਜੀਤ ਸਿੰਘ, ਜੋ ਕਿ ਸਰਕਾਰੀ ਆਈ.ਟੀ.ਆਈ ਰਡਿਆਲਾ ਵਿਖੇ ਸਿਲਾਈ ਕਢਾਈ ਦਾ ਕੋਰਸ ਕਰ ਰਹੀ ਹੈ, ਨੇ ਤਾਲਾਬੰਦੀ ਦੇ ਇਨ੍ਹਾਂ ਦਿਨਾਂ ਦੌਰਾਨ ਸਮਾਜ ਦੀ ਸੇਵਾ ਵਿੱਚ ਹਿੱਸਾ ਪਾਉਂਦਿਆਂ 500 ਦੇ ਕਰੀਬ ਮਾਸਕ ਵੰਡੇ ਹਨ। ਉਨ੍ਹਾਂ ਅੱਜ ਇਹ ਮਾਸਕ ਕੌਂਸਲਰ ਬੀਬੀ ਸੁਖਜੀਤ ਕੌਰ ਅਤੇ ਯੂਥ ਆਗੂ ਅਤੇ ਪੱਤਰਕਾਰ ਸੁਖਜਿੰਦਰਜੀਤ ਸਿੰਘ ਸੋਢੀ ਨੂੰ ਸੌਂਪਦਿਆਂ ਕਿਹਾ ਕਿ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਇਹ ਤਾਕੀਦ ਕੀਤੀ ਗਈ ਸੀ ਕਿ ਕੋਵਿਡ 19 (ਕਰੋਨਾ) ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਨ੍ਹਾਂ ਵੱਲੋਂ ਆਪਣੇ ਘਰ ਹੀ ਸਿਲਾਈ ਮਸੀਨ ਤੇ ਇਹ ਮਾਸਕ ਆਮ ਲੋਕਾਂ ਅਤੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾ ਕੇ ਇਸ ਜੰਗ ਵਿੱਚ ਬਣਦੀ ਜਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ 200 ਦੇ ਕਰੀਬ ਮਾਸਕ ਤਿਆਰ ਕਰਕੇ ਵੰਡ ਚੁੱਕੇ ਹਨ। ਇਸ ਮੌਕੇ ਹਾਜਰ ਕੌਂਸਲਰ ਬੀਬੀ ਸੁਖਜੀਤ ਕੌਰ ਨੇ ਇਸ ਬੱਚੀ ਦੁਆਰਾ ਕੋਵਿਡ 19 ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਿਭਾਈ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਬੱਚੀਆਂ ਨੂੰ ਵੀ ਦਮਨਪ੍ਰੀਤ ਕੌਰ ਤੋਂ ਸੇਧ ਲੈ ਕੇ ਤਾਲਾਬੰਦੀ ਦੇ ਇਨ੍ਹਾਂ ਦਿਨਾਂ ਵਿੱਚ ਆਪਣਾ ਸਮਾਂ ਅਜਾਈਂ ਨਹੀਂ ਗੁਆਉਣਾ ਚਾਹੀਦਾ, ਬਲਕਿ ਸਮੇਂ ਦੀ ਸਾਰਥਿਕ ਵਰਤੋਂ ਕਰਦਿਆਂ ਸਮਾਜ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਇਹ ਮਾਸਕ ਯੂਥ ਆਗੂ ਸੁਖਜਿੰਦਰ ਸੋਢੀ ਨੂੰ ਸੌਂਪੇ, ਤਾਂ ਜੋ ਕੁਰਾਲੀ, ਮਾਜਰੀ ਅਤੇ ਇਲਾਕੇ ਦੇ ਪਿੰਡਾਂ ਦੇ ਲੋੜਵੰਦ ਵਿਅਕਤੀਆਂ ਤੱਕ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਪਹੰਚਾਇਆ ਜਾ ਸਕੇ। ਇਸ ਮੌਕੇ ਯੂਥ ਆਗੂ ਸੋਢੀ ਨੇ ਦੱਸਿਆ ਕਿ ਕੁਰਾਲੀ ਅਤੇ ਮਾਜਰੀ ਇਲਾਕੇ ਵਿੱਚ ਜਿੱਥੇ ਵੀ ਉਨ੍ਹਾਂ ਨੂੰ ਬਿਨ੍ਹਾਂ ਮਾਸਕ ਤੋਂ ਕੋਈ ਵਿਅਕਤੀ ਦਿਸਦਾ ਹੈ ਤਾਂ ਉਹ ਤੁਰੰਤ ਦਮਨਪ੍ਰੀਤ ਕੌਰ ਦੁਆਰਾ ਬਣਾਏ ਇਹ ਮਾਸਕ ਉਸਨੂੰ ਬੰਨਣ ਲਈ ਦੇ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਈ ਵਿਅਕਤੀ ਜੋ ਮਾਸਕ ਨਹੀਂ ਖਰੀਦ ਸਕਦੇ, ਉਨ੍ਹਾਂ ਨੂੰ ਮਾਸਕ ਵੰਡੇ ਜਾ ਚੁੱਕੇ ਹਨ। ਇਸ ਮੌਕੇ ਕੌਂਸਲਰ ਬੀਬੀ ਸੁਖਜੀਤ ਕੌਰ ਸੋਢੀ ਵੱਲੋਂ ਦਮਨਪ੍ਰੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ ਅਤੇ ਮੁਹੱਲੇ ਦੇ ਬੱਚਿਆਂ ਨੂੰ ਮਾਸਕ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ, ਹਸਨਪ੍ਰੀਤ ਕੌਰ, ਗਗਨਦੀਪ ਕੌਰ, ਪ੍ਰਭਦੀਪ ਸਿੰਘ, ਜੋਤਨੂਰ ਸਿੰਘ, ਜਪਨਦੀਪ ਅਤੇ ਹੋਰ ਵੀ ਹਾਜਰ ਸਨ।