ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ, ਇਸ ਨਾਲ ਨਿਪਟਣ ਲਈ ਕੀਤੇ ਪੁਖਤਾ ਪ੍ਰਬੰਧ-ਡਿਪਟੀ ਕਮਿਸ਼ਨਰ

ਮੋਗਾ, ਸੰਕਰ ਯਾਦਵ: ਰਾਜਸਥਾਨ ਵਿੱਚ ਟਿੱਡੀ ਦਲ ਦੇ ਹੋਏ ਹਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋ ਇਸ ਨਾਲ ਨਿਪਟਣ ਲਈ ਮੁਕੰਮਲ ਤਿਆਰੀ ਕਰ ਲਈ ਗਈ ਹੈ।
ਟਿੱਡੀ ਦਲ ਨਾਲ ਨਿਪਟਣ ਅਤੇ ਇਸ ਨੂੰ ਰੋਕਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਅਗਾਂਊ ਤਿਆਰੀਆਂ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ।
ਮੀਟਿੰਗ ਵਿੱਚ ਟਿੱਡੀ ਦਲ ਦੇ ਹਮਲੇ ਸਬੰਧੀ ਵਿਸਤ੍ਰਿਤ ਵਿਚਾਰ ਵਟਾਂਦਰਾ ਕਰਦਿਆਂ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਬਲਾਕ ਪੱਧਰ ਤੇ ਕਮੇਟੀਆਂ ਦਾ ਗਠਨ ਅਤੇ ਡਿਊਟੀਆਂ ਦੀ ਰੂਪ ਰੇਖਾ ਤਿਆਰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਸਬੰਧੀ ਲੋੜੀਦੇ ਸਪਰੇਅ ਪੰਪਾਂ ਅਤੇ ਹੋਰ ਮਸ਼ੀਨਰੀ ਸਬੰਧੀ ਡੀ.ਆਰ. ਕੋਆਪ੍ਰੇਟਿਵ ਸੋਸਾਇਟੀਜ਼ ਨੂੰ ਪਾਬੰਦ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਵੱਲੋ ਮੀਟਿੰਗ ਵਿੱਚ ਸਮੂਹ ਉਪ ਮੰਡਲ ਮੈਜਿਸਟ੍ਰੇਟਸ ਨੂੰ ਫਾਇਰਬ੍ਰਿਗੇਡ ਦੀਆਂ ਗੱਡੀਆਂ ਹਮੇਸ਼ਾ ਤਿਆਰ ਰੱਖਣ ਲਈ ਕਿਹਾ ਗਿਆ। ਪੁਲਿਸ ਵਿਭਾਗ ਨੂੰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਅਤੇ ਅਪ੍ਰੇਸ਼ਨ ਦੌਰਾਨ ਸਰਚ ਲਾਈਟਾਂ ਦੇ ਪੁਖਤਾ ਇੰਤਜਾਮਾਂ ਸਬੰਧੀ ਪਾਬੰਦ ਕੀਤਾ ਗਿਆ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਹਰ ਪਿੰਡ ਵਿੱਚ ਘੱਟੋ ਘੱਟ 15 ਰਿਸ਼ਟ ਪੁਸ਼ਟ ਨਰੇਗਾ ਮਜ਼ਦੂਰ ਤਿਆਰ ਰੱਖਣਗੇ ਤਾਂ ਜੋ ਜਰੂਰਤ ਸਮੇ ਲੇਬਰ ਦੀ ਸਹਾਇਤ ਲਈ ਜਾ ਸਕੇ। ਮਾਰਕਿਟ ਕਮੇਟੀਆਂ ਦੇ ਮੁਲਾਜ਼ਮ ਹਮੇਸ਼ਾ ਪਾਣੀ ਵਾਲੀਆਂ ਭਰੀਆਂ ਟੈਕੀਆਂ ਅਤੇ ਟਿਊਬਵੈਲਾਂ ਤੋ ਪਾਣੀ ਭਰਨ ਸਬੰਧੀ ਲੋੜਦੇ ਸਮਾਨ ਦਾ ਇੰਤਜਾਮ ਕਰੇਗੀ।
ਉਨ੍ਹਾਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਹਰ ਪਿੰਡ ਵਿੱਚ ਇੱਕ ਪਿੰਡ ਪੱਧਰ ਦੀ ਟੀਮ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਪੰਚਾਇਤ ਸਕੱਤਰ ਤੋ ਇਲਾਵਾ ਪਿੰਡ ਦਾ ਸਰਪੰਚ ਅਤੇ ਹੋਰ ਜਿੰਮੇਵਾਰ ਵਿਅਕਤੀ ਸ਼ਾਮਿਲ ਹੋਣਗੇ। ਆਪ੍ਰੇਸ਼ਨ ਮੌਕੇ ਸਿਹਤ ਵਿਭਾਗ ਵੱਲੋ ਮਾਹਿਰ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਜਾਣਗੀਆਂ ਤਾਂ ਜੋ ਜੇਕਰ ਕੀਟਨਾਸ਼ਕ ਦਾ ਅਸਰ ਕਿਸੇ ਵੀ ਵਿਅਕਤੀ ਨੂੰ ਹੁੰਦਾ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਹਰ ਤਹਿਸੀਲ ਦੇ ਕਾਰਜਸਾਧਕ ਅਫ਼ਸਰ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਪਾਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਲੋੜੀਦਾ ਸਟਾਫ ਹਮੇਸ਼ਾ ਤਿਆਰ ਬਰ ਤਿਆਰ ਰਹੇਗਾ।
ਡਿਪਟੀ ਕਮਿਸ਼ਨਰ ਮੋਗਾ ਨੇ ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਟਿੱਡੀ ਦਲ ਦੇ ਹਮਲੇ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਜਾਵੇ ਅਤੇ ਜੇਕਰ ਕਿਸੇ ਕਿਸਮ ਦੀ ਸਮੱਸਿਆ ਉਤਪੰਨ ਹੁੰਦੀ ਹੈ ਤਾਂ ਤੁਰੰਤ ਢੁੱਕਵੀ ਕਾਰਵਾਈ ਕਰਦੇ ਹੋਏ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਆਪ੍ਰੇਸ਼ਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹੇ ਦੇ ਹਰ ਕਿਸਾਨ, ਸਵੈ ਸੇਵੀ ਜਥੇਬੰਦੀਆਂ ਨੂੰ ਇਸ ਪ੍ਰਤੀ ਸੁਚੇਤ ਰਹਿਣ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਕੋਲ ਟਿੱਡੀ ਦਲ ਦੀ ਰੋਕਥਾਮ ਲਈ ਕੀਟਨਾਸ਼ਨ ਸਟਾਕ ਵਿੱਚ ਮੌਜੂਦ ਹਨ ਜੋ ਲੋੜ ਪੈਣ ਤੇ ਤੁਰੰਤ ਵਰਤ ਲਏ ਜਾਣਗੇ।
ਮੀਟਿੰਗ ਵਿੱਚ ਸਹਾਇਕ ਪੌਦਾ ਸੁਰੱਖਿਆ ਅਫ਼ਸਰ, ਮੋਗਾ ਡਾ. ਜਸਵਿੰਦਰ ਸਿੰਘ ਬਰਾੜ ਨੇ ਟਿੱਡੀ ਦਲ ਦੇ ਹਮਲੇ ਅਤੇ ਇਸ ਦੀ ਰੋਕਥਾਮ ਸਬੰਧੀ ਵਰਤੇ ਜਾਣ ਵਾਲੇ ਢੰਗਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਜੇਕਰ ਟਿੱਡੀ ਦਲ ਦਿਨ ਸਮੇ ਆਉਦਾ ਹੈ ਤਾਂ ਖੜਕਾ ਕਰਕੇ ਇਸ ਨੂੰ ਟਾਲਿਆ ਜਾ ਸਕਦਾ ਹੈ ਅਤੇ ਜੇਕਰ ਇਹ ਹਮਲਾ ਸ਼ਾਮ 4 ਵਜੇ ਤੋ ਬਾਅਦ ਹੁੰਦਾ ਹੈ ਤਾਂ ਖੜਕਾ ਨਾ ਕੀਤਾ ਜਾਵੇ ਅਤੇ ਇਸ ਨੂੰ ਬੈਠਣ ਦਿੱਤਾ ਜਾਵੇ ਤਾਂ ਜੋ ਰਾਤ ਦੇ ਆਪ੍ਰੇਸ਼ਨ ਸਮੇ ਇਸ ਨੂੰ ਮਾਰਿਆ ਜਾ ਸਕੇ।
ਇਸ ਮੀਟਿੰਗ ਵਿੱਚ ਐਸ.ਪੀ.(ਹੈਡ) ਡਾ. ਜਸਵੰਤ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਜਗਜੀਵਨ ਸਿੰਘ ਬੱਲ, ਮੁੱਖ ਖੇਤੀਬਾੜੀ ਅਫਸ਼ਰ ਡਾ. ਬਲਵਿੰਦਰ ਸਿੰਘ, ਏ.ਡੀ.ਓ. ਮੋਗਾ ਡਾ. ਅਮਰਜੀਤ ਸਿੰਘ, ਏ.ਸੀ.ਐਸ. ਸਿਹਤ ਵਿਭਾਗ ਮੋਗਾ ਡਾ. ਜਸਵੰਤ ਸਿੰਘ, ਐਸ.ਡੀ.ਐਸ.ਸੀ.ਓ. ਸ੍ਰੀ ਸੰਦੀਪ ਸਿੰਘ, ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੋਸਾਇਟੀਜ਼ ਸ੍ਰੀ ਕੁਲਦੀਪ ਕੁਮਾਰ, ਕਾਰਜਕਾਰੀ ਇੰਜੀਨੀਅਰ ਚਮਕੌਰ ਸਿੰਘ, ਕਾਰਜਕਾਰੀ ਇੰਜੀਨੀਅਰ ਕੋਟ ਈਸੇ ਖਾਂ ਜਗਜੀਤ ਸਿੰਘ, ਡੀ.ਐਮ.ਓ. ਜਸਵਿੰਦਰ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਅਮਰਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਰਜਿੰਦਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਮੋਗਾ ਮਲਕੀਤ ਸਿੰਘ, ਐਸ.ਡੀ.ਓ. ਬਾਘਾਪੁਰਾਣਾ ਸਤਵਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਬੱਧਨੀ ਕਲਾਂ ਧਰਮਕੋਟ ਦਵਿੰਦਰ ਸਿੰਘ ਤੂਰ, ਡਿਪਟੀ ਡਾਇਰੈਟਰ ਪਸ਼ੂ ਪਾਲਣ ਡਾ. ਸੁਭਾਸ਼ ਚੰਦਰ, ਐਸ.ਸੀ. ਧਰਮਕੋਟ ਸ਼ਿਖਾ, ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਦਰ ਡਾ. ਅਮਨਦੀਪ ਸਿੰਘ ਬਰਾੜ ਆਦਿ ਹਾਜਰ ਸਨ