ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਦਿੱਤੇ ਬਿਆਨਾਂ ਸਬੰਧੀ ਵੇਰਕਾ, ਬੁਲਾਰੀਆ ਤੇ ਦੱਤੀ ਨੇ ਬਾਦਲ ਪਰਿਵਾਰ ਨੂੰ ਘੇਰਿਆ

ਅੰਮ੍ਰਿਤਸਰ, 7 ਜੂਨ ( ਜਗਤਾਰ ਮਾਹਲਾ )  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੋਗੋਂਵਾਲ ਵੱਲੋਂ ਖਾਲਿਸਤਾਨ ਦੀ ਮੰਗ ਸਬੰਧੀ ਦਿੱਤੇ ਬਿਆਨਾਂ ਉਤੇ ਸਖਤ ਇਤਰਾਜ਼ ਕਰਦੇ ਹੋਏ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ, ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਸ੍ਰੀ ਸੁਨੀਲ ਦੱਤੀ ਅਤੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਸਾਂਝੇ ਰੂਪ ਵਿਚ ਜਾਰੀ ਕੀਤੇ ਬਿਆਨ ਵਿਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਕਈ ਸਵਾਲਾਂ ਦੇ ਜਵਾਬ ਮੰਗੇ ਹਨ।
ਇੰਨਾਂ ਨੇਤਾਵਾਂ ਨੇ ਕਿਹਾ ਕਿ ਦੋਵਾਂ ਪੰਥਕ ਹਸਤੀਆਂ ਵੱਲੋਂ ਦਿੱਤੇ ਬਿਆਨਾਂ ਉਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਕੀ ਵਿਚਾਰ ਹਨ, ਵੀ ਸਪੱਸ਼ਟ ਹੋਣੇ ਚਾਹੀਦੇ ਹਨ, ਤਾਂ ਕਿ ਇਹ ਪਤਾ ਲੱਗ ਸਕੇ ਕਿ ਬਾਦਲ ਪਰਿਵਾਰ ਇਸ ਮੁੱਦੇ ਉਤੇ ਕੀ ਵਿਚਾਰਧਾਰਾ ਰੱਖਦਾ ਹੈ। ਉਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਇਕ ਸੰਵਿਧਾਨਕ ਸੰਸਥਾ ਹੈ ਅਤੇ ਸੰਵਿਧਾਨ ਤਹਿਤ ਹੀ ਕੰਮ ਕਰਦੀ ਹੈ। ਅਜਿਹੇ ਵਿਚ ਇਸਦੇ ਪ੍ਰਧਾਨ ਵੱਲੋਂ ਦਿੱਤਾ ਗੈਰ-ਸੰਵਧਾਨਿਕ ਬਿਆਨ ਕਿਥੋਂ ਤੱਕ ਜਾਇਜ਼ ਹੈ, ਇਕ ਕੇਂਦਰੀ ਮੰਤਰੀ ਹੋਣ ਦੇ ਨਾਤੇ ਬੀਬੀ ਬਾਦਲ ਜਵਾਬ ਦੇਣ। ਉਨਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਨਤਕ ਰੂਪ ਵਿਚ ਖਾਲਿਸਤਾਨ ਦੀ ਮੰਗ ਦਾ ਸਮਰਥਨ ਕੀਤਾ ਹੈ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬੀਆਂ ਦੇ ਇਕ-ਮਾਤਰ ਪ੍ਰਤੀਨਿਧ ਹੋਣ ਦੇ ਨਾਤੇ ਕੀ ਕੇਂਦਰੀ ਮੰਤਰੀ ਮੰਡਲ ਵਿਚ ਇਸ ਮੰਗ ਦਾ ਮਤਾ ਰੱਖਣਗੇ, ਇਸ ਬਾਰੇ ਜ਼ਰੂਰ ਸਪੱਸ਼ਟ ਕਰਨ।
ਉਕਤ ਨੇਤਾਵਾਂ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਵਰਤਮਾਨ ਭਾਰਤ ਸਰਕਾਰ ਸਿੱਖ ਵਿਰੋਧੀ ਨਜ਼ਰੀਆ ਰੱਖਦੀ ਹੈ, ਕੀ ਬੀਬਾ ਹਰਸਿਮਰਤ ਕੌਰ ਬਾਦਲ ਸਿੱਖਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹੋਏ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣਗੇ? ਇਸੇ ਤਰਾਂ ਕੀ ਸੁਖਬੀਰ ਸਿੰਘ ਬਾਦਲ, ਜੋ ਕਿ ਅਕਾਲੀ ਦਲ ਦੇ ਪ੍ਰਧਾਨ ਹਨ, ਨੂੰ ਸਿਖ ਵਿਰੋਧੀ ਨਜ਼ਰੀਆ ਰੱਖਣ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨਾਲੋਂ ਤੋੜ-ਵਿਛੋੜਾ ਕਰਨਗੇ। ਇਹ ਸਵਾਲ ਸਮੇਂ ਦੀ ਮੰਗ ਹਨ ਅਤੇ ਬਾਦਲ ਜੋੜੀ ਨੂੰ ਉਕਤ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖੀਬਰ ਸਿੰਘ ਬਾਦਲ ਲਗਾਤਾਰ ਕਾਂਗਰਸ ਸਰਕਾਰ ਉਤੇ ਸਿੱਖ ਵਿਰੋਧੀ ਨੀਤੀਆਂ ਅਪਨਾਉਣ ਦਾ ਬੇਬੁਨਿਆਦ ਦੋਸ਼ ਲਗਾਉਂਦੇ ਰਹਿੰਦੇ ਹਨ, ਜਦਕਿ ਹੁਣ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕੇਂਦਰ ਸਰਕਾਰ ਉਤੇ ਸਿੱਖ ਵਿਰੋਧੀ ਹੋਣ ਦੀ ਗੱਲ ਕੀਤੀ ਹੈ, ਅਜਿਹੇ ਵਿਚ ਸ੍ਰੋਮਣੀ ਅਕਾਲੀ ਦਲ ਅਜੇ ਵੀ ਭਾਜਪਾ ਨਾਲ ਆਪਣੀ ਸਾਂਝ ਪਾਈ ਰੱਖੇਗਾ? ਉਨਾਂ ਕਿਹਾ ਕਿ ਦੋਵੇਂ ਪਤੀ-ਪਤਨੀ ਵੋਟਾਂ ਦੁਆਰਾ ਚੁਣ ਕੇ ਸੰਸਦ ਵਿਚ ਗਏ ਹਨ, ਜਿਸ ਵਿਚ ਸਿੱਖ-ਹਿੰਦੂ ਸਾਰਿਆਂ ਨੇ ਮਤਦਾਨ ਕੀਤਾ ਹੈ ਅਤੇ ਅੱਜ ਲੋੜ ਹੈ ਕਿ ਇਹ ਆਪਣੀ ਵਿਚਾਰਧਾਰਾ ਸਪੱਸ਼ਟ ਕਰਕੇ ਆਪਣੇ ਵੋਟਰਾਂ ਨਾਲ ਇਨਸਾਫ ਕਰਨ।

Leave a Reply

Your email address will not be published. Required fields are marked *