ਮੈਡੀਕਲ ਟੀਮਾਂ ਨੇ ਅੱਜ ਬਟਾਲਾ ਸ਼ਹਿਰ ਵਿਚੋਂ 200 ਤੋਂ ਵੱਧ ਕੋਰੋਨਾ ਵਾਇਰਸ ਦੇ ਸੈਂਪਲ ਲਏ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਲੋਕ ਆਪਣੇ ਬਚਾਅ ਲਈ ਪੂਰੀ ਸਾਵਧਾਨੀ ਵਰਤਣ – ਡਾ. ਭੱਲਾ

ਬਟਾਲਾ,ਦਮਨ ਪਾਲ ਸਿੰਘ – ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਤਹਿਤ ਸਿਹਤ ਵਿਭਾਗ ਵਲੋਂ ਬਟਾਲਾ ਸ਼ਹਿਰ ਵਿੱਚ ਲੋਕਾਂ ਦੇ ਕੋਰੋਨਾ ਟੈਸਟ ਕਰਨ ਦੀ ਕਾਰਵਾਈ ਲਗਾਤਾਰ ਜਾਰੀ ਹੈ। ਅੱਜ ਮੈਡੀਕਲ ਟੀਮਾਂ ਵਲੋਂ ਬਟਾਲਾ ਵਿੱਚ 200 ਤੋਂ ਵੱਧ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਦੱਸਿਆ ਕਿ ਅੱਜ ਮੈਡੀਕਲ ਟੀਮਾਂ ਵਲੋਂ ਕੋਰੋਨਾ ਵਾਇਰਸ ਦੀ ਜਾਂਚ ਕਰਨ ਲਈ 93 ਵਿਅਕਤੀਆਂ ਦੇ ਸੈਂਪਲ ਸਿਵਲ ਹਸਪਤਾਲ ਬਟਾਲਾ ਵਿੱਚ ਲਏ ਗਏ ਹਨ ਜਦਕਿ 100 ਤੋਂ ਵੱਧ ਸੈਂਪਲ ਬਟਾਲਾ ਦੇ ਸੁੰਦਰ ਨਗਰ ਇਲਾਕੇ ਦੇ ਨਿਵਾਸੀਆਂ, ਦੁਕਾਨਾਂ ਅਤੇ ਮੈਡੀਕਲ ਸਟੋਰਾਂ ਨੂੰ ਚਲਾਉਣ ਵਾਲਿਆਂ ਦੇ ਲਏ ਗਏ ਹਨ। ਡਾ. ਭੱਲਾ ਨੇ ਕਿਹਾ ਕਿ ਇਨ੍ਹਾਂ ਸਾਰੇ ਸੈਂਪਲਾਂ ਦੇ ਨਤੀਜੇ ਕੱਲ ਤੱਕ ਆਉਣ ਦੀ ਉਮੀਦ ਹੈ।
ਡਾ. ਭੱਲਾ ਨੇ ਦੱਸਿਆ ਕਿ ਇਸ ਸਮੇਂ ਸਿਵਲ ਹਸਪਤਾਲ ਬਟਾਲਾ ਵਿਖੇ 12 ਕੋਰੋਨਾ ਪਾਜ਼ਟਿਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਕੋਰੋਨਾ ਬਿਮਾਰੀ ਦਾ ਟਾਕਰਾ ਕੀਤਾ ਜਾ ਰਿਹਾ ਹੈ ਅਤੇ ਸਾਰਾ ਮੈਡੀਕਲ ਅਮਲਾ ਦਿਨ-ਰਾਤ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਸਾਵਧਾਨੀ ਵਰਤ ਕੇ ਇਸ ਵਾਇਰਸ ਤੋਂ ਬਚ ਸਕਣ।
ਡਾ. ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਮਰੀਜ਼ ਦਿਨੋ-ਦਿਨ ਵੱਧ ਰਹੇ ਹਨ ਇਸ ਲਈ ਹਰ ਕਿਸੇ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਾਇਆ ਜਾਵੇ, ਘੱਟ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਰੱਖੀ ਜਾਵੇ ਅਤੇ ਬਾਰ-ਬਾਰ ਸਾਬਣ ਨਾਲ ਹੱਥ ਧੋਤੇ ਜਾਣ।