ਅਮਰੀਕੀ ਫੌਜ ਦੀ ਇਤਿਹਾਸਕ ਅਕੈਡਮੀ ਤੋਂ ਟਰੰਪ ਦੇ ਭਾਸ਼ਣ ਨਾਲ ਫੌਜੀ ਅਫਸਰ ਬਣ ਕੇ ਨਿਕਲੇਗੀ ਅਨਮੋਲ ਕੌਰ

0

ਫ਼ਤਹਿਗੜ੍ਹ ਸਾਹਿਬ ਹਰਕੀਰਤ ਸਿੰਘ ਬੱਲ:  ਪੰਜਾਬ ਤੋਂ ਵਿਦੇਸ਼ਾਂ ਵਿਚ ਜਾ ਵਸੇ ਸਿੱਖਾਂ ਨੇ ਆਪਣੀ ਮਿਹਨਤ ਨਾਲ ਇਹਨਾਂ ਦੇਸ਼ਾਂ ਵਿਚ ਆਪਣੀ ਥਾਂ ਬਣਾਈ। ਹੁਣ ਸਿੱਖਾਂ ਦੀ ਉਹ ਪੀੜੀ ਜੋ ਵਿਦੇਸ਼ਾਂ ਵਿਚ ਜੰਮੀ ਪਲੀ, ਇਹਨਾਂ ਦੇਸ਼ਾਂ ਦੇ ਉੱਚ ਅਹੁਦਿਆਂ ‘ਤੇ ਪਹੁੰਚ ਰਹੀ ਹੈ। ਅਮਰੀਕਾ ਵਿਚ ਜਾ ਕੇ ਵਸੇ ਸਿੱਖ ਪਰਿਵਾਰ ਦੀ ਧੀ ਅਨਮੋਲ ਕੌਰ ਨਾਰੰਗ ਨੇ ਅਮਰੀਕਾ ਦੀ ਫੌਜੀ ਅਕੈਡਮੀ ਵਿਚ ਆਪਣੀ ਡਿਗਰੀ ਮੁਕੰਮਲ ਕਰ ਲਈ ਹੈ। ਇਹ ਮੁਕਾਮ ਹਾਸਲ ਕਰਨ ਵਾਲੀ ਉਹ ਪਹਿਲੀ ਸਿੱਖ ਔਰਤ ਹੈ।
23 ਵਰ੍ਹਿਆਂ ਦੀ ਅਨਮੋਲ ਕੌਰ ਨਾਰੰਗ ਦੀ ਇਸ ਪ੍ਰਾਪਤੀ ਬਾਰੇ ਸੋਸ਼ਲ ਮੀਡੀਆ ਅਤੇ ਅਮਰੀਕੀ ਮੀਡੀਆ ਵਿਚ ਖੂਬ ਚਰਚਾ ਹੋ ਰਹੀ ਹੈ।
ਆਪਣੇ ਕਿੱਤੇ ਵਜੋਂ ਫੌਜ ਨੂੰ ਚੁਣਨ ਬਾਰੇ ਦਸਦਿਆਂ ਅਨਮੋਲ ਕੌਰ ਨਾਰੰਗ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਜਦੋਂ ਉਹ ਹਵਾਈ ਟਾਪੂ ‘ਤੇ ਸਥਿਤ ਪਰਲ ਹਰਬਰ ਅਜਾਇਬ ਘਰ ਦੇਖਣ ਗਈ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਹਵਾਈ ਹਮਲੇ ਵਿਚ ਅਮਰੀਕਾ ਦਾ ਪਰਲ ਹਾਰਬਰ ਜੰਗੀ ਬੇੜਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਤੇ ਇਸ ਨੂੰ ਅਮਰੀਕੀ ਇਤਿਹਾਸ ਦੇ ਵੱਡੇ ਹਮਲਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ।
ਅਨਮੋਲ ਕੌਰ ਨਾਰੰਗ ਆਪਣੇ ਦਾਦਾ ਜੀ ਨੂੰ ਮਿਲਦੀ ਹੋਈ
ਅਨਮੋਲ ਕੌਰ ਨਾਰੰਗ ਨੇ ਦੱਸਿਆ ਕਿ ਉੱਥੇ ਜਾ ਕੇ ਦੇਖਣ ਤੋਂ ਬਾਅਦ ਉਸਨੇ ਫੌਜ ਵਿਚ ਸ਼ਾਮਲ ਹੋਣ ਦਾ ਫੈਂਸਲਾ ਕੀਤਾ। ਉਸਨੇ ਉੱਥੋਂ ਹੀ ਵੈਸਟ ਪੋਇੰਟ ਅਕੈਡਮੀ ਨੂੰ ਆਪਣੀ ਅਰਜ਼ੀ ਮੇਲ ਕਰ ਦਿੱਤੀ ਸੀ।
ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੈਸਟ ਪੋਇੰਟ ਸਥਿਤ ਇਸ ਮਿਲਟਰੀ ਅਕੈਡਮੀ ਦੀ ਇਤਿਹਾਸਕ ਇਮਾਰਤ ਵਿਚ ਅਨਮੋਲ ਕੌਰ ਨਾਰੰਗ ਸਮੇਤ ਨਵੇਂ ਬਣੇ ਫੌਜੀ ਅਫਸਰਾਂ ਨੂੰ ਸੰਬੋਧਨ ਕੀਤਾ ਜਾਵੇਗਾ।
ਅਮਰੀਕਾ ਵਿਚ ਸਿੱਖਾਂ ਨੂੰ ਆਪਣੇ ਧਾਰਮਿਕ ਅਕੀਦੇ ਨਾਲ ਫੌਜ ਵਿਚ ਕੰਮ ਕਰਨ ਲਈ ਲੰਬਾ ਸੰਘਰਸ਼ ਕਰਨਾ ਪਿਆ। 2016 ਵਿਚ ਤਿੰਨ ਸਿੱਖਾਂ ਕੰਵਰ ਸਿੰਘ, ਹਰਪਾਲ ਸਿੰਘ ਅਤੇ ਅਰਜਨ ਸਿੰਘ ਘੋਤਰਾ ਨੇ ਅਮਰੀਕੀ ਰੱਖਿਆ ਮਹਿਕਮੇ ਖਿਲਾਫ ਅਦਾਲਤੀ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਆਪਣੇ ਧਾਰਮਿਕ ਅਕੀਦੇ ਦੇ ਪਾਲਣਾ ਕਰਦਿਆਂ ਫੌਜ ਵਿਚ ਸੇਵਾਵਾਂ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ। ਇਸ ਤੋਂ ਪਹਿਲਾਂ ਅਮਰੀਕੀ ਫੌਜ ਵਿਚ ਨਿਯੁਕਤ ਕੈਪਟਨ ਸਿਮਰਤਪਾਲ ਸਿੰਘ ਨੇ ਵੀ ਆਪਣੇ ਧਾਰਮਿਕ ਅਕੀਦੇ ਦੀ ਪਾਲਣਾ ਦਾ ਹੱਕ ਹਾਸਲ ਕਰਨ ਲਈ ਕਾਨੂੰਨੀ ਚਾਰਾਜ਼ੋਈ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇਹ ਹੱਕ ਹਾਸਲ ਹੋਇਆ ਸੀ।

About Author

Leave a Reply

Your email address will not be published. Required fields are marked *

You may have missed