ਚੇਅਰਮੈਨ ਚੀਮਾ ਨੇ ਹੰਸਲੀ ਨਾਲੇ ਦੀ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ ਸੰਤ ਫਰਾਂਸਿਸ ਸਕੂਲ ਲਾਗੇ ਬਣ ਰਿਹਾ ਪੁੱਲ ਜਲਦੀ ਹੀ ਲੋਕ ਅਰਪਣ ਕੀਤਾ ਜਾਵੇਗਾ – ਚੇਅਰਮੈਨ ਸ. ਚੀਮਾ

ਬਟਾਲਾ, 12 ਜੂਨ (ਦਮਨਪਾਲ ਸਿੰਘ ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬਰਸਾਤਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਬਟਾਲਾ ਸ਼ਹਿਰ ਵਿਚੋਂ ਲੰਗਦੇ ਹੰਸਲੀ ਨਾਲੇ ਦੀ ਸਫ਼ਾਈ ਕੀਤੀ ਜਾਵੇ। ਸ. ਚੀਮਾ ਅੱਜ ਹੰਸਲੀ ਨਾਲੇ ’ਤੇ ਬਣ ਰਹੇ ਪੁੱਲ ਦੀ ਪ੍ਰਗਤੀ ਦਾ ਜਾਇਜਾ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਹੰਸਲੀ ਨਾਲਾ ਬਟਾਲਾ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਦਾ ਮੁੱਖ ਸਰੋਤ ਹੈ ਅਤੇ ਬਰਸਾਤਾਂ ਤੋਂ ਪਹਿਲਾਂ ਇਸ ਨਾਲੇ ਦੀ ਸਫ਼ਾਈ ਹੋਣੀ ਜਰੂਰੀ ਹੈ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਡਰੇਨਜ਼ ਵਿਭਾਗ ਵਲੋਂ ਹੰਸਲੀ ਦੀ ਸਫਾਈ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ ਕਿਉਂਕਿ ਸਫ਼ਾਈ ਨਾ ਹੋਣ ਕਾਰਨ ਇਹ ਬਟਾਲਾ ਸ਼ਹਿਰ ਵਿੱਚ ਹੜ੍ਹਾਂ ਦਾ ਕਾਰਨ ਵੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਨ 1988 ਵਿੱਚ ਬਟਾਲਾ ਸ਼ਹਿਰ ਵਿੱਚ ਆਏ ਭਿਆਨਕ ਹੜ੍ਹ ਦੇ ਨਿਸ਼ਾਨ ਅਜੇ ਤੱਕ ਦੇਖੇ ਜਾ ਸਕਦੇ ਹਨ ਅਤੇ ਅਜਿਹਾ ਦੁਬਾਰਾ ਨਾ ਵਾਪਰੇ ਇਸ ਲਈ ਡਰੇਨਜ਼ ਵਿਭਾਗ ਨੂੰ ਪਹਿਲਾਂ ਹੀ ਪ੍ਰਬੰਧ ਕਰ ਲੈਣੇ ਚਾਹੀਦੇ ਹਨ। ਸ. ਚੀਮਾ ਨੇ ਜਦੋਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨਾਲ ਹੰਸਲੀ ਨਾਲੇ ਦੀ ਸਫ਼ਾਈ ਸਬੰਧੀ ਗੱਲ ਕੀਤੀ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਗਲੇ ਹਫ਼ਤੇ ਤੋਂ ਹੰਸਲੀ ਨਾਲੇ ਦੀ ਸਫ਼ਾਈ ਸ਼ੁਰੂ ਕਰਾ ਦਿੱਤੀ ਜਾਵੇਗੀ।
ਇਸ ਮੌਕੇ ਸ. ਚੀਮਾ ਨੇ ਸੰਤ ਫਰਾਂਸਿਸ ਸਕੂਲ ਨੇੜੇ ਬਣ ਰਹੇ ਪੁੱਲ ਦੀ ਪ੍ਰਗਤੀ ਦਾ ਜਾਇਜਾ ਵੀ ਲਿਆ। ਸ. ਚੀਮਾ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੁੱਲ ਦੇ ਨਿਰਮਾਣ ਨੂੰ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸਦੀ ਸਹੂਲਤ ਮਿਲ ਸਕੇ। ਇਸਦੇ ਨਾਲ ਹੀ ਸ. ਚੀਮਾ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵੇਂ ਬਣ ਰਹੇ ਪੁੱਲ ਦੇ ਥੱਲਿਓਂ ਮਲਬਾ ਚੁੱਕਿਆ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਵਿੱਚ ਕੋਈ ਅੜਚਨ ਨਾ ਆਵੇ। ਇਸ ਤੋਂ ਬਾਅਦ ਵਿਭਾਗ ਨੇ ਪੁੱਲ ਥੱਲਿਓਂ ਪਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published. Required fields are marked *